ਵੈੱਬ ਅਧਾਰਿਤ ਆਲੂਆਂ ਦੇ ਪਿਛੇਤਾ ਝੁਲਸ ਰੋਗ ਲਈ
ਨਿਰਣਾਇਕ ਪ੍ਰਣਾਲੀ
ਅੰਗਰੇਜ਼ੀ ਵਿੱਚ
ਮੁੱਖ ਪੰਨਾ ਆਲੂਆਂ ਦਾ ਪਿਛੇਤਾ ਝੁਲਸ ਰੋਗ-ਨਕਸ਼ੇ ਪ੍ਰੋਜੈਕਟ ਸੰਬੰਧੀ ਜਾਣਕਾਰੀ ਅਕਸਰ ਪੁੱਛੇ ਜਾਣ ਵਾਲੇ ਸਵਾਲ
ਪੰਜਾਬ ਵਿੱਚ ਆਲੂਆਂ ਦੀ ਪੈਦਾਵਾਰ
ਆਲੂਆਂ ਦਾ ਪਿਛੇਤਾ ਝੁਲਸ ਰੋਗ
ਝੁਲਸ ਰੋਗ ਦੇ ਵਾਧੇ ਲਈ ਅਨੁਕੂਲ ਹਾਲਤਾਂ
ਝੁਲਸ ਰੋਗ ਦੀ ਰੋਕਥਾਮ
ਝੁਲਸ ਰੋਗ ਦੀ ਰੋਕਥਾਮ ਵਾਸਤੇ ਸਾਵਧਾਨੀਆਂ ਅਤੇ ਕੁਝ ਜਰੂਰੀ ਨੁਕਤੇ
ਸੰਪਰਕ ਕਰੋ
ਪੰਜਾਬ ਵਿੱਚ ਸਵੈਚਾਲਿਕ ਮੌਸਮ ਸਟੇਸ਼ਨਾਂ ਦੀ ਸਥਿਤੀ
ਝੁਲਸ ਰੋਗ ਦੀ ਰੋਕਥਾਮ

ਬੀਮਾਰੀ ਵਾਲੇ ਆਲੂ ਛਾਂਟ ਕੇ ਨਸ਼ਟ ਕਰਨਾ

  • ਠੰਡੇ ਗੋਦਾਮਾਂ ਦੇ ਨੇੜੇ ਢੇਰੀ ਕਰਕੇ ਰੱਖੇ ਬੀਮਾਰੀ ਵਾਲੇ ਆਲੂ ਇਸ ਬੀਮਾਰੀ ਦੀ ਲਾਗ ਲਗਾਉਣ ਦਾ ਮੁੱਖ ਸੋਮਾ ਬਣਦੇ ਹਨ। ਇਸ ਲਈ ਇਨ੍ਹਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਜਾਂ ਜ਼ਮੀਨ ਵਿੱਚ ਡੂੰਘਾ ਦੱਬ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬੀਮਾਰੀ ਦਾ ਬਹੁਤ ਸਾਰਾ ਸੋਮਾ ਖਤਮ ਹੋ ਜਾਂਦਾ ਹੈ।
ਸਿਹਤਮੰਦ ਬੀਜ ਦੀ ਵਰਤੋਂ
  • ਜਿਵੇਂ ਸਾਨੂੰ ਪਤਾ ਹੀ ਹੈ ਕਿ ਝੁਲਸ ਰੋਗ ਲਗਾਉਣ ਵਾਲੀ ਉੱਲੀ ਠੰਡੇ ਗੁਦਾਮਾਂ ਵਿੱਚ ਰੱਖੇ ਆਲੂਆਂ ਵਿੱਚ ਰਹਿੰਦੀ ਹੈ। ਇਸ ਲਈ ਆਲੂ ਪੁੱਟ ਕੇ ਕੁਝ ਦਿਨ (7-15 ਦਿਨ) ਬਾਹਰ ਰੱਖਣੇ ਚਾਹੀਦੇ ਹਨ ਅਤੇ ਠੰਡੇ ਗੋਦਾਮਾਂ ਵਿੱਚ ਰੱਖਣ ਤੋਂ ਪਹਿਲਾਂ ਬੀਮਾਰੀ ਵਾਲੇ ਆਲੂਆਂ ਦੀ ਛਾਂਟੀ ਕਰਕੇ ਇਨ੍ਹਾਂ ਨੂੰ ਨਸ਼ਟ ਕਰਨਾ ਚਾਹੀਦਾ ਹੈ।
  • ਇਸੇ ਤਰ੍ਹਾਂ ਬੀਜਾਈ ਦੇ ਵੇਲੇ ਆਲੂਆਂ ਨੂੰ ਠੰਡੇ ਗੁਦਾਮਾਂ ਵਿੱਚੋਂ ਕੱਢਣ ਤੋਂ ਬਾਅਦ ਵੀ ਜੇ ਕੋਈ ਬੀਮਾਰੀ ਵਾਲਾ ਆਲੂ ਨਜ਼ਰ ਆਵੇ ਤਾਂ ਇਸ ਨੂੰ ਵੀ ਛਾਂਟੀ ਕਰਕੇ ਨਸ਼ਟ ਕਰ ਦੇਣਾ ਚਾਹੀਦਾ ਹੈ।
  • ਸਿਰਫ ਬੀਮਾਰੀ ਰਹਿਤ ਪ੍ਰਮਾਣਿਤ ਬੀਜ ਹੀ ਵਰਤਣੇ ਚਾਹੀਦੇ ਹਨ।
ਕਾਸ਼ਤ ਸੰਬੰਧੀ ਤਰੀਕਿਆਂ ਨਾਲ ਬੀਮਾਰੀ ਦੀ ਰੋਕਥਾਮ
  • ਖੇਤ ਵਿੱਚ ਜੋ ਆਲੂ ਮਿੱਟੀ ਨਾਲ ਪੂਰੀ ਤਰ੍ਹਾਂ ਢਕੇ ਨਹੀਂ ਹੁੰਦੇ, ਉਨ੍ਹਾਂ ਤੇ ਝੁਲਸ ਰੋਗ ਆਸਾਨੀ ਨਾਲ ਲੱਗ ਜਾਂਦਾ ਹੈ।
  • ਆਲੂਆਂ ਤੇ ਬੀਮਾਰੀ ਦਾ ਹਮਲਾ ਘਟਾਉਣ ਲਈ ਵੱਟਾਂ ਉੱਚੀਆਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਮਿੱਟੀ ਚੰਗੀ ਤਰ੍ਹਾਂ ਲਾਉਣੀ ਚਾਹੀਦੀ ਹੈ। ਪੁਟਾਈ ਤੋਂ 2-3 ਹਫਤੇ ਪਹਿਲਾਂ ਬੀਮਾਰੀ ਵਾਲੇ ਖੇਤਾਂ ਵਿੱਚੋਂ ਪਤਰਾਲ ਕੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ, ਤਾਂ ਕਿ ਬੀਜ ਵਾਲੇ ਆਲੂਆਂ ਤੇ ਬੀਮਾਰੀ ਦਾ ਅਸਰ ਨਾ ਹੋ ਸਕੇ। ਅਜਿਹਾ ਕਰਨ ਨਾਲ ਬੀਮਾਰੀ ਦਾ ਮੁੱਖ ਸੋਮਾ ਕਾਫੀ ਘੱਟ ਜਾਵੇਗਾ।
  • ਬੀਜਾਈ ਦਾ ਸਮਾਂ ਅਗੇਤਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਬੀਮਾਰੀ ਦਾ ਹਮਲਾ ਨਾ ਹੋਵੇ, ਕਿਉਂਕਿ ਝੁਲਸ ਰੋਗ ਅਗੇਤੀ ਬੀਜੀ ਫਸਲ ਤੇ ਨਹੀਂ ਆਉਂਦਾ।
  • ਇਹ ਦੇਖਣ ਵਿੱਚ ਆਇਆ ਹੈ ਕਿ ਅਕਤੂਬਰ ਦੇ ਪਹਿਲੇ ਹਫਤੇ ਬੀਜੀ ਫਸਲ ਤੇ ਬੀਮਾਰੀ ਦਾ ਹੱਲਾ ਨਵੰਬਰ ਦੇ ਪਹਿਲੇ ਹਫਤੇ ਬੀਜੀ ਫਸਲ ਨਾਲੋਂ ਕਾਫੀ ਘੱਟ ਹੁੰਦਾ ਹੈ।
  • ਖੇਲਾਂ ਦਾ ਫਾਸਲਾ ਜ਼ਿਆਦਾ ਹੋਣਾ ਚਾਹੀਦਾ ਹੈ, ਤਾਂ ਕਿ ਬੀਮਾਰੀ ਨੂੰ ਵੱਧਣ ਵਾਸਤੇ ਅਨੁਕੂਲ ਹਾਲਤਾਂ ਨਾ ਬਨਣ। ਅਜਿਹਾ ਕਰਨ ਨਾਲ ਮਿੱਟੀ ਚੜਾਉਣੀ ਵੀ ਆਸਾਨ ਹੋ ਜਾਂਦੀ ਹੈ।
  • ਸੂਰਜ ਦੇ ਪਾਸੇ ਵਾਲੀਆਂ ਖੇਲਾਂ ਤੇ ਵੀ ਬੀਮਾਰੀ ਘੱਟ ਲੱਗਦੀ ਹੈ।
  • ਆਲੂਆਂ ਦੀ ਪੁਟਾਈ ਪਤਰਾਲ ਕੱਟਣ ਤੋਂ 2-3 ਹਫਤੇ ਬਾਅਦ ਹੀ ਕਰਨੀ ਚਾਹੀਦੀ ਹੈ, ਕਿਉਂਕਿ ਉਦੋਂ ਤੱਕ ਆਲੂਆਂ ਦਾ ਛਿਲ਼ਕਾ ਸਖਤ ਹੋ ਜਾਂਦਾ ਹੈ ਅਤੇ ਮਿੱਟੀ ਵਿੱਚ ਬੀਮਾਰੀ ਦਾ ਪ੍ਰਕੋਪ ਵੀ ਘੱਟ ਜਾਂਦਾ ਹੈ।
ਬੀਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ
  • ਪੰਜਾਬ ਵਿੱਚ ਆਲੂਆਂ ਦੀਆਂ ਜਿੰਨੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਕੁਫਰੀ ਚੰਦਰਮੁੱਖੀ ਅਤੇ ਕੁਫਰੀ ਪੁਖਰਾਜ ਨੂੰ ਝੁਲਸ ਰੋਗ ਸਭ ਤੋਂ ਵੱਧ ਲੱਗਦਾ ਹੈ।
  • ਕੁਫਰੀ ਜਯੋਤੀ, ਕੁਫਰੀ ਸਤਲੁਜ, ਕੁਫਰੀ ਜਵਾਹਰ ਅਤੇ ਕੁਫਰੀ ਬਾਦਸ਼ਾਹ ਕਿਸਮਾਂ ਤੇ ਇਸ ਬੀਮਾਰੀ ਦਾ ਹਮਲਾ ਘੱਟ ਹੁੰਦਾ ਹੈ।
  • ਕੁਝ ਹੋਰ ਨਵੀਂਆਂ ਕਿਸਮਾਂ ਜਿਵੇਂ ਕਿ ਕੁਫਰੀ ਚਿਪਸੋਨਾ-1, ਕੁਫਰੀ ਚਿਪਸੋਨਾ-2 ਭਾਰਤ ਦੇ ਉੱਤਰੀ ਖੇਤਰ ਲਈ ਕੇਂਦਰੀ ਆਲੂ ਖੋਜ ਸੰਸਥਾ ਸ਼ਿਮਲਾ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਕਿਸਮਾਂ ਵਿੱਚ ਵੀ ਝੁਲਸ ਰੋਗ ਨੂੰ ਟਾਕਰਾ ਕਰਨ ਦੀ ਸਮਰੱਥਾ ਹੈ। ਇਹ ਕਿਸਮਾਂ ਪ੍ਰੋਸੈਸਿੰਗ ਲਈ ਵਧੀਆ ਹਨ।
  • ਬੇਪਛਾਣ ਅਤੇ ਬੇਨਾਮ, ਕਿਸਮਾਂ ਦੀ ਬੀਜਾਈ ਨਹੀਂ ਕਰਨੀ ਚਾਹੀਦੀ।

ਉੱਲੀਨਾਸ਼ਕ ਜ਼ਹਿਰਾਂ ਦੀ ਵਰਤੋਂ

  • ਪੰਜਾਬ ਵਿੱਚ ਇਹ ਦੇਖਿਆ ਗਿਆ ਹੈ ਕਿ ਜੇ ਨਵੰਬਰ ਦੇ ਪਹਿਲੇ ਹਫਤੇ ਜਾਂ ਬਾਅਦ ਵਿੱਚ 4-5 ਦਿਨਾਂ ਤੱਕ ਬੱਦਲਵਾਈ ਬਣੀ ਰਹੇ ਅਤੇ ਇੱਕ ਅੱਧ ਬਾਰਿਸ਼ ਹੋ ਜਾਵੇ, ਤਾਂ ਝੁਲਸ ਰੋਗ ਅਕਸਰ ਕੁਫਰੀ ਚੰਦਰਮੁੱਖੀ ਅਤੇ ਕੁਫਰੀ ਪੁਖਰਾਜ ਕਿਸਮਾਂ ਤੇ ਹਫਤੇ ਕੁ ਬਾਅਦ ਸ਼ੁਰੂ ਹੋ ਜਾਂਦਾ ਹੈ। ਆਮ ਤੌਰ ਤੇ ਇਹ ਬੀਮਾਰੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ (ਫੁਗਲਾਣਾ, ਮੈਹਟੀਆਣਾ, ਸ਼ਾਮਚੁਰਾਸੀ) ਵਿੱਚ ਪਹਿਲਾਂ ਲੱਗਣੀ ਸ਼ੁਰੂ ਹੁੰਦੀ ਹੈ। ਜਿੱਥੋਂ ਕਿ ਇਹ ਬੀਮਾਰੀ ਨੇੜਲੇ ਇਲਾਕਿਆਂ ਵਿੱਚ ਫੈਲਦੀ ਹੈ। ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਨਵੰਬਰ ਦੇ ਪਹਿਲੇ ਹਫਤੇ ਫਸਲ ਤੇ 500-700 ਗ੍ਰਾਮ ਪ੍ਰਤੀ ਏਕੜ ਮੈਂਕੋਜ਼ੇਬ (ਇਡੋਫਿਲ ਐਮ-45/ ਮਾਸ ਐਮ-45/ ਮਾਰਕਜੈਬ) ਜਾਂ ਕਲੋਰੋਥੈਲੋਨਿਲ ( ਕੱਵਚ) ਜਾਂ ਪਰੋਪੀਨੇਬ ( ਐਂਟਰਾਕੋਲ) ਜਾਂ 750-1000 ਗ੍ਰਾਮ ਪ੍ਰਤੀ ਏਕੜ ਬਲਾਈਟੌਕਸ/ ਮਾਰਕਕਾਪਰ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਜ਼ਹਿਰਾਂ ਦਾ ਛਿੜਕਾਅ ਬੀਮਾਰੀ ਦਾ ਹਮਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਨਾ ਚਾਹੀਦਾ ਹੈ ਅਤੇ ਹਫਤੇ - ਹਫਤੇ ਦੇ ਵਕਫੇ ਇਹ ਛਿੜਕਾਅ ਦੁਬਾਰਾ ਕਰਨਾ ਚਾਹੀਦਾ ਹੈ। ਬੀਮਾਰੀ ਲੱਗਣ ਤੋਂ ਬਾਅਦ ਇਹ ਉੱਲੀਨਾਸ਼ਕ ਜ਼ਹਿਰਾਂ ਬਹੁਤ ਘੱਟ ਅਸਰ ਕਰਦੀਆਂ ਹਨ।
  • ਫਸਲ ਤੇ ਦਵਾਈ ਚੰਗੀ ਤਰ੍ਹਾਂ ਛਿੜਕਣੀ ਚਾਹੀਦੀ ਹੈ ਤਾਂ ਕਿ ਪੂਰੇ ਬੂਟੇ ਤੇ ਪੈ ਜਾਵੇ। ਛਿੜਕਾਅ ਵਾਸਤੇ ਗੋਲ ਫੁਹਾਰੇ ਵਾਲੀ ਸਹੀ ਨੋਜ਼ਲ ਵਰਤਣੀ ਚਾਹੀਦੀ ਹੈ। ਆਪਣੇ ਗੁਆਂਢੀ ਜ਼ਿਮੀਦਾਰਾਂ ਨੂੰ ਵੀ ਇਹ ਉੱਲੀਨਾਸ਼ਕ ਜ਼ਹਿਰਾਂ ਛਿੜਕਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਤਾਂ ਕਿ ਬੀਮਾਰੀ ਇਕੱਠਿਆਂ ਅਤੇ ਇਕਸਾਰ ਕਾਬੂ ਕੀਤੀ ਜਾ ਸਕੇ।
  • ਜੇ ਮੌਸਮ ਦੀਆਂ ਹਾਲਤਾਂ ਬੀਮਾਰੀ ਦੇ ਵੱਧਣ-ਫੁੱਲਣ ਲਈ ਜ਼ਿਆਦਾ ਸਮੇਂ ਲਈ ਅਨੁਕੂਲ ਹੋ ਜਾਣ (ਜਿਆਦਾ ਨਮੀਂ, ਧੁੰਦ, ਬਾਰਿਸ਼, ਬੱਦਲਵਾਈ ਰਹੇ) ਤਾਂ ਝੁਲਸ ਰੋਗ ਭਿਆਨਕ ਰੂਪ ਵਿੱਚ ਆ ਸਕਦਾ ਹੈ। ਇਨ੍ਹਾਂ ਹਾਲਤਾਂ ਵਿੱਚ ਫਸਲ ਤੇ ਸਿਸਟੈਮਿਕ ਅਤੇ ਪਰੋਟੈਕਟੈਂਟ ਉੱਲੀਨਾਸ਼ਕ ਦਵਾਈਆਂ ਦੇ ਮਿਸ਼ਰਣ ਜਿਵੇਂ ਕਿ ਰਿਡੋਮਿਲ ਗੋਲਡ ਜਾਂ ਸੈਕਟਿਨ ਜਾਂ ਕਰਜ਼ੇਟ ਐਮ-8, 700 ਗ੍ਰਾਮ ਪ੍ਰਤੀ ਏਕੜ ਜਾਂ ਰੀਵਸ ਜਾਂ ਈਕੂਏਸ਼ਨ ਪ੍ਰੋ 200 ਮਿ.ਲਿ. ਪ੍ਰਤੀ ਏਕੜ ਦਾ ਛਿੜਕਾਅ ਕਰਨਾ ਚਾਹੀਦਾ ਹੈ ਅਤੇ 10 ਦਿਨਾਂ ਬਾਅਦ ਦੁਹਰਾਉਣਾ ਚਾਹੀਦਾ ਹੈ।
  • ਜੇ ਮੁੱਖ ਮੌਸਮ ਦੀ ਫਸਲ ਤੇ ਝੁਲਸ ਰੋਗ ਦਾ ਹਮਲਾ ਹੋਇਆ ਹੋਵੇ, ਤਾਂ ਪਿਛੇਤੀ ਬੀਜੀ ਫਸਲ ਨੂੰ ਬਚਾਉਣ ਵਾਸਤੇ ਪਹਿਲਾਂ ਛਿੜਕਾਅ ਰਿਡੋਮਿਲ ਗੋਲਡ ਜਾਂ ਸੈਕਟਿਨ (700 ਗ੍ਰਾਮ/ਏਕੜ) ਅਤੇ ਬਾਅਦ ਵਿੱਚ ਇੰਡੋਫਿਲ ਐਮ-45 ਜਾਂ ਕੱਵਚ ਜਾਂ ਐਂਟਰਾਕੋਲ (700 ਗ੍ਰਾਮ/ਏਕੜ) ਦੇ ਕਰਨੇ ਚਾਹੀਦੇ ਹਨ।
  • ਕਦੇ ਵੀ ਇਕੱਲੀ ਮੈਟਾਲੈਕਸਿਲ ਦਵਾਈ ਦੀ ਵਰਤੋਂ ਨਾ ਕਰੋ ਅਤੇ ਨਾ ਹੀ ਮੈਟਾਲੈਕਸਿਲ ਅਤੇ ਮੈਂਕੋਜ਼ੇਬ ਦੇ ਆਪਣੇ ਆਪ ਬਣਾਏ ਮਿਸ਼ਰਣ ਵਰਤੋ। ਆਪ ਬਣਾਏ ਮਿਸ਼ਰਣ ਵਿੱਚ ਦਵਾਈਆਂ ਦੀ ਮਾਤਰਾ ਵੱਧ ਘੱਟ ਹੋਣ ਕਾਰਨ ਬੀਮਾਰੀ ਦੀ ਉੱਲੀ ਵਿੱਚ ਸਹਿਣਸ਼ੀਲਤਾ ਆ ਸਕਦੀ ਹੈ। ਜਿਸ ਨੂੰ ਬਾਅਦ ਵਿੱਚ ਰੋਕਣਾ ਮੁਸ਼ਕਿਲ ਹੋ ਸਕਦਾ ਹੈ।

ਝੁਲਸ ਰੋਗ ਦੀ ਰੋਕਥਾਮ ਵਾਸਤੇ ਸਾਵਧਾਨੀਆਂ ਅਤੇ ਕੁਝ ਜਰੂਰੀ ਨੁਕਤੇ

  • ਹਮੇਸ਼ਾ ਸਿਹਤਮੰਦ ਬੀਜ ਦੀ ਹੀ ਵਰਤੋਂ ਕਰੋ।
  • ਗੁਦਾਮਾਂ ਦੇ ਲਾਗੇ ਛਾਂਟੀ ਕੀਤੇ ਆਲੂਆਂ ਦੇ ਢੇਰ ਨਸ਼ਟ ਕਰ ਦੇਣੇ ਚਾਹੀਦੇ ਹਨ।
  • ਮੁੱਖ ਫਸਲ ਤੇ ਇਡੋਫਿਲ ਐਮ 45 /ਮਾਸ ਐਮ-45/ ਮਾਰਕਜੈਬ ਜਾਂ ਕੱਵਚ ਜਾਂ ਐਂਟਰਾਕੋਲ ਜਾਂ ਮਾਰਕਕਾਪਰ ਦਾ ਛਿੜਕਾਅ ਬੀਮਾਰੀ ਦਾ ਹਮਲਾ ਹੋਣ ਤੋਂ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਕਰ ਦੇਣਾ ਚਾਹੀਦਾ ਹੈ। ਬਾਰਿਸ਼ ਪੈ ਜਾਣ ਤੇ ਇਹ ਛਿੜਕਾਅ ਫਿਰ ਦੁਹਰਾਉ।
  • ਚੰਗੀ ਤਰ੍ਹਾਂ ਛਿੜਕਾਅ ਵਾਸਤੇ ਸਹੀ ਨੋਜ਼ਲ, ਲੋੜੀਂਦਾ ਪਾਣੀ (250-350 ਲਿਟਰ) ਅਤੇ ਦਵਾਈ ਦੀ ਸਹੀ ਮਾਤਰਾ ਵਰਤੋਂ।
  • ਅਨੁਕੂਲ ਮੌਸਮ ਦੀਆਂ ਹਾਲਤਾਂ ਵਿੱਚ ਜੇ ਬੀਮਾਰੀ ਆਉਣ ਦੀ ਸੰਭਾਵਨਾ ਜਿਆਦਾ ਹੋਵੇ, ਤਾਂ ਰਿਡੋਮਿਲ ਗੋਲਡ ਜਾਂ ਸੈਕਟਿਨ ਜਾਂ ਈਕੂਏਸ਼ਨ ਪ੍ਰੋ ਜਾਂ ਕਰਜ਼ੇਟ ਐਮ-8 ਦਾ ਛਿੜਕਾਅ ਕਰਨਾ ਚਾਹੀਦਾ ਹੈ।
  • ਇਕੱਲੀ ਮੈਟਾਲੈਕਸਿਲ ਦਵਾਈ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਮੈਟਾਲੈਕਸਿਲ ਅਤੇ ਮੈਂਕੋਜ਼ੇਬ ਦੇ ਆਪ ਬਣਾਏ ਮਿਸ਼ਰਣ ਵਰਤਣੇ ਚਾਹੀਦੇ ਹਨ।
  • ਉੱਚੀਆਂ ਖੇਲਾਂ ਬਣਾਉਣੀਆਂ ਚਾਹੀਦੀਆਂ ਹਨ, ਤਾਂ ਕਿ ਆਲੂਆਂ ਨੂੰ ਬੀਮਾਰੀ ਨਾ ਲੱਗ ਸਕੇ।
  • ਬੱਦਲਵਾਈ ਵਾਲੇ ਦਿਨਾਂ ਦੌਰਾਨ ਫਸਲ ਨੂੰ ਪਾਣੀ ਘੱਟ ਲਾਓ ਤਾਂ ਜੋ ਨਮੀਂ ਦੀ ਮਾਤਰਾ ਘੱਟ ਰਹੇ ਅਤੇ ਬੀਮਾਰੀ ਵੀ ਘੱਟ ਵਧੇ।
  • ਪਤਰਾਲ ਕੱਟਣ ਤੋਂ 2-3 ਹਫਤਿਆਂ ਬਾਅਦ ਹੀ ਆਲੂ ਪੁੱਟਣੇ ਚਾਹੀਦੇ ਹਨ।
  • ਪੁਟਾਈ ਤੋਂ ਬਾਅਦ ਠੰਡੇ ਗੋਦਾਮਾਂ ਵਿੱਚ ਰੱਖਣ ਤੋਂ ਪਹਿਲਾਂ ਅਤੇ ਬੀਜਾਈ ਵੇਲੇ ਬੀਮਾਰ ਆਲੂ ਛਾਂਟੀ ਕਰਕੇ ਨਸ਼ਟ ਕਰ ਦੇਣੇ ਚਾਹੀਦੇ ਹਨ।
  • ਬਿਨਾਂ ਸਿਫਾਰਿਸ਼ ਕੀਤੀਆਂ ਬੇਪਛਾਣ ਤੇ ਬੇਨਾਮ ਕਿਸਮਾਂ ਨਹੀਂ ਬੀਜਣੀਆਂ ਚਾਹੀਦੀਆਂ।
  • ਕਿੰਨੂ ਦੇ ਬਾਗਾਂ ਵਿੱਚ ਆਲੂ ਨਾ ਬੀਜੋ। ਕਿਉਂਕਿ ਅਜਿਹਾ ਕਰਨ ਨਾਲ ਆਲੂਆਂ ਦੀ ਫਸਲ ਨੂੰ ਨਮੀਂ ਮਿਲ ਜਾਂਦੀ ਹੈ ਜਿਸ ਕਰਕੇ ਬੀਮਾਰੀ ਲੱਗਣ ਦੀ ਸੰਭਾਵਨਾ ਜਿਆਦਾ ਵੱਧ ਜਾਂਦੀ ਹੈ।
49127
© 2009 - - ਪੰਜਾਬ ਖੇਤੀਬਾੜੀ ਯੂਨੀਵਰਸਿਟੀ