ਪੀ.ਏ.ਯੂ. ਕਿਸਾਨ ਕਲੱਬ ਦੀ ਮਹੀਨੇਵਾਰ ਖੇਤੀ ਸਿਖਲਾਈ ਕੈਂਪ ਡਾਇਰੈਕਟਰ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਲਗਾਇਆ ਗਿਆ ਜਿਸ ਵਿੱਚ 85 ਕਿਸਾਨਾਂ ਨੇ ਭਾਗ ਲਿਆ । ਇਹ ਸਿਖਲਾਈ ਕੈਂਪ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੀ ਅਗਵਾਈ ਵਿਚ ਨੇਪਰੇ ਚੜਿਆ। ਕੈਂਪ ਵਿਚ ਸਹਿਯੋਗੀ ਨਿਰਦੇਸ਼ਕ ਬੀਜ ਡਾ. ਅਮਨਦੀਪ ਸਿੰਘ ਬਰਾੜ ਨੇ ਕਣਕ ਦੀਆਂ ਵਿਕਸਿਤ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਦੇ ਬੀਜ ਦੀ ਉਪਲੱਬਧਤਾ ਦੀ ਗੱਲ ਕੀਤੀ। ਫਸਲ ਵਿਗਿਆਨੀ ਡਾ. ਜਗਰੂਪ ਕੌਰ ਨੇ ਪਰਾਲੀ ਦੀ ਸਾਂਭ-ਸੰਭਾਲ ਦੇ ਨੁਕਤੇ ਕਿਸਾਨਾਂ ਨੂੰ ਦੱਸੇ। ਸਬਜ਼ੀਆਂ ਦੇ ਮਾਹਿਰ ਡਾ. ਨਵਜੋਤ ਬਰਾੜ ਨੇ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਬਿਜਾਈ ਦੀ ਮਹੱਤਤਾ ਅਤੇ ਤਰੀਕੇ ਸੁਝਾਏ। ਡਾ. ਆਰ ਕੇ ਦੂਬੇ ਨੇ ਲੈਂਡਸਕੇਪਿੰਗ ਦੀ ਮਹੱਤਤਾ ਦੱਸਦਿਆਂ ਇਸਦੇ ਸੁਚੱਜੇ ਢੰਗਾਂ ਬਾਰੇ ਜਾਣਕਾਰੀ ਦਿੱਤੀ। ਡਾ. ਗੁਰਪ੍ਰੀਤ ਸਿੰਘ ਨੇ ਤੇਲਬੀਜ ਫਸਲਾਂ ਦੀ ਕਾਸ਼ਤ ਸੰਬੰਧੀ ਕਿਸਾਨਾਂ ਨੂੰ ਸੁਚੇਤ ਕੀਤਾ। ਖੇਤੀ ਮਸ਼ੀਨਰੀ ਮਾਹਿਰ ਡਾ. ਤਰਨਦੀਪ ਸਿੰਘ ਅਤੇ ਡਾ. ਸੰਤੋਸ਼ ਕੁਮਾਰ ਨੇ ਫਸਲਾਂ ਉੱਪਰ ਡਰੋਨ ਰਾਹੀਂ ਕੀਤੇ ਜਾਣ ਵਾਲੇ ਛਿੜਕਾਅ ਦੀ ਤਕਨਾਲੋਜੀ ਸਾਂਝੀ ਕੀਤੀ।
ਕਲੱਬ ਦੇ ਜਰਨਲ ਸਕੱਤਰ ਸ. ਸਤਵੀਰ ਸਿੰਘ ਨੇ ਕਿਸਾਨਾਂ ਅਤੇ ਮਾਹਿਰਾਂ ਦਾ ਸਵਾਗਤ ਕਰਦਿਆਂ ਕਲੱਬ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਅੰਤ ਵਿਚ ਕਿਸਾਨ ਕਲੱਬ ਦੇ ਪ੍ਰਧਾਨ ਡਾ. ਮਨਪ੍ਰੀਤ ਸਿੰਘ ਗਰੇਵਾਲ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦਾ ਸੰਚਾਲਨ ਕੈਰੋਂ ਕਿਸਾਨ ਘਰ ਦੇ ਸ਼੍ਰੀ ਵਰਿੰਦਰ ਸਿੰਘ ਨੇ ਕੀਤਾ। |