ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਬੀਤੇ ਦਿਨੀਂ ਤਕਨੀਕੀ ਸਿੱਖਿਆ ਬਾਰੇ ਭਾਰਤੀ ਸੁਸਾਇਟੀ ਦੇ ਲੁਧਿਆਣਾ ਚੈਪਟਰ ਵੱਲੋਂ ਕਾਲਜ ਵਿਚ ਫ੍ਰੈਸ਼ਰ ਪਾਰਟੀ ਕਰਵਾਈ ਗਈ। ਇਹ ਪਾਰਟੀ ਵਿਦਿਆਰਥੀਆਂ ਨੂੰ ਕਾਲਜ ਵਿਚ ਉਹਨਾਂ ਦੇ ਬਿਹਤਰ ਅਤੇ ਸੁਖਾਵੇਂ ਮਾਹੌਲ ਲਈ ਸ਼ੁਭ ਕਾਮਨਾਵਾਂ ਵਜੋਂ ਆਯੋਜਿਤ ਕੀਤੀ ਗਈ ਸੀ।
ਜੈਕਬ ਹਾਲ ਵਿਚ ਹੋਈ ਇਸ ਪਾਰਟੀ ਵਿਚ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਪ੍ਰੇਰਕ ਭਾਸ਼ਣ ਦਿੰਦਿਆਂ ਕਾਲਜ ਦੇ ਇਤਿਹਾਸ ਅਤੇ ਇਸ ਵੱਲੋਂ ਪੈਦਾ ਕੀਤੇ ਖੇਤੀ ਇੰਜਨੀਅਰਾਂ ਦੇ ਯੋਗਦਾਨ ਤੋਂ ਜਾਣੂੰ ਕਰਵਾਇਆ। ਉਹਨਾਂ ਵਿਦਿਆਰਥੀਆਂ ਨੂੰ ਵਿਰਾਸਤ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਕਰਦਿਆਂ ਕਿਹਾ ਕਿ ਸੁਨਹਿਰੇ ਭਵਿੱਖ ਲਈ ਨਿਰੰਤਰ ਮਿਹਨਤ, ਲਗਨ ਅਤੇ ਸਮਰਪਣ ਦਾ ਕੋਈ ਬਦਲ ਨਹੀਂ ਹੋ ਸਕਦਾ।
ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਆਪਣੀ ਜਾਣ-ਪਛਾਣ ਕਰਵਾਈ। ਇਸ ਤੋਂ ਬਾਅਦ ਕਈ ਮਨੋਰੰਜਕ ਵੰਨਗੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ ਸੋਲੋ ਨਾਚ, ਸਮੂਹ ਨਾਚ ਅਤੇ ਗਾਇਨ ਪੇਸ਼ਕਾਰੀਆਂ ਸ਼ਾਮਿਲ ਸਨ। ਇਸ ਸਮਾਰੋਹ ਵਿਚ ਕੁਮਾਰੀ ਰਵਨੀਤ ਕੌਰ ਨੂੰ ਮਿਸ ਫ੍ਰੈਸ਼ਰ ਅਤੇ ਗੁਰਮੀਤ ਸਿੰਘ ਨੂੰ ਮਿਸਟਰ ਫ੍ਰੈਸ਼ਰ ਚੁਣਿਆ ਗਿਆ। |