ਅੱਜ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਹਾਲ ਵਿੱਚ ਪੀ.ਏ.ਯੂ. ਦੇ ਖੋਜ ਅਤੇ ਪਸਾਰ ਮਾਹਿਰਾਂ ਦੀ ਮਹੀਨਾਵਾਰ ਮੀਟਿੰਗ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਮੀਟਿੰਗ ਦੌਰਾਨ ਮੌਜੂਦਾ ਸਮੇਂ ਖੇਤੀ ਨੂੰ ਦਰਪੇਸ਼ ਚੁਣੌਤੀਆਂ ਸੰਬੰਧੀ ਨਿੱਠ ਕੇ ਵਿਚਾਰ-ਚਰਚਾ ਹੋਈ| ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਇਸ ਮੌਕੇ ਬੋਲਦਿਆਂ ਕਿਸਾਨ ਮੇਲਿਆਂ ਦੀ ਸਫਲਤਾ ਤੇ ਪ੍ਰਸੰਨਤਾ ਪ੍ਰਗਟਾਈ| ਉਹਨਾਂ ਨੇ ਪੀ.ਏ.ਯੂ. ਮਾਹਿਰਾਂ ਨੂੰ ਇਸ ਗੱਲ ਦੀ ਤਾਕੀਦ ਕੀਤੀ ਕਿ ਆਉਂਦੀ ਹਾੜੀ ਦੀ ਫਸਲ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕਿਸਾਨਾਂ ਦੀ ਮਦਦ ਲਈ ਕੋਈ ਕਸਰ ਨਾ ਛੱਡੀ ਜਾਵੇ| ਡਾ. ਗੋਸਲ ਨੇ ਕਿਹਾ ਕਿ ਖੇਤਾਂ ਵਿਚ ਆਈ ਰੇਤ ਅਤੇ ਗਾਰ ਦੀ ਪਰਖ ਕਰਕੇ ਕਿਸਾਨਾਂ ਨੂੰ ਸਿਫਾਰਸ਼ਾਂ ਜਾਰੀ ਕਰਨੀਆਂ ਪੀ.ਏ.ਯੂ. ਦੀ ਪ੍ਰਮੁੱਖਤਾ ਹੈ| ਇਸਦੇ ਨਾਲ ਹੀ ਉਹਨਾਂ ਨੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਆਏ ਮਾਹਿਰਾਂ ਕੋਲੋਂ ਉਹਨਾਂ ਦੇ ਇਲਾਕਿਆ ਵਿਚ ਝੋਨੇ ਦੀ ਖਰੀਦ ਅਤੇ ਝਾੜ ਸੰਬੰਧੀ ਜਾਣਕਾਰੀ ਲਈ| ਡਾ. ਗੋਸਲ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਨਾ ਬੇਹੱਦ ਜ਼ਰੂਰੀ ਹੈ ਕਿ ਪਰਾਲੀ ਨੂੰ ਖੇਤ ਵਿਚ ਹੀ ਸੰਭਾਲ ਕੇ ਮਿੱਟੀ ਦੀ ਸਿਹਤ ਬਿਹਤਰ ਬਨਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ| ਡਾ. ਗੋਸਲ ਨੇ ਪੀ.ਏ.ਯੂ. ਮਾਹਿਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਤੱਕ ਪਹੁੰਚ ਦੇ ਯਤਨਾਂ ਅਤੇ ਵਿਧੀਆਂ ਨੂੰ ਹੋਰ ਸੁਚਾਰੂ ਅਤੇ ਚੁਸਤ ਬਨਾਉਣ ਦੀ ਕੋਸ਼ਿਸ਼ ਕਰਨ|
ਸਵਾਗਤ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ | ਡਾ. ਭੁੱਲਰ ਨੇ ਇਸ ਦੌਰਾਨ ਕਿਸਾਨ ਮੇਲਿਆਂ ਨੂੰ ਸਫਲਤਾ ਪੂਰਵਕ ਆਯੋਜਿਤ ਕਰਨ ਅਤੇ ਵੱਖ-ਵੱਖ ਭੂਮਿਕਾਵਾਂ ਵਿਚ ਮਾਹਿਰਾਂ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ| ਡਾ. ਭੁੱਲਰ ਨੇ ਕਿਹਾ ਕਿ ਇਹਨਾਂ ਕਿਸਾਨ ਮੇਲਿਆਂ ਦੌਰਾਨ ਬੀਜ ਅਤੇ ਖੇਤੀ ਸਾਹਿਤ ਦੀ ਬੰਪਰ ਵਿਕਰੀ ਯੂਨੀਵਰਸਿਟੀ ਉੱਪਰ ਕਿਸਾਨਾਂ ਦਾ ਭਰੋਸਾ ਸਾਬਿਤ ਕਰਦੀ ਹੈ|
ਇਸ ਮੌਕੇ ਨਰਮੇ ਦੀ ਗੁਲਾਬੀ ਸੁੰਡੀ ਦੀ ਬੇਮੌਸਮੀ ਰੋਕਥਾਮ, ਹੈਪੀਸੀਡਰ ਨਾਲ ਬੀਜੀ ਕਣਕ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ, ਪਰਾਲੀ ਦੀ ਸਾਂਭ-ਸੰਭਾਲ ਤੋਂ ਇਲਾਵਾ ਹਾੜੀ ਦੀਆਂ ਫਸਲਾਂ ਦੀ ਬਿਜਾਈ ਸੰਬੰਧੀ ਵਿਚਾਰ-ਚਰਚਾ ਹੋਈ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਵਿਕਸਿਤ ਕੀਤੀਆਂ ਕਣਕ ਦੀਆਂ ਕਿਸਮਾਂ ਦੀ ਬਿਜਾਈ ਨੂੰ ਤਰਜੀਹ ਦੇਣ|
ਧੰਨਵਾਦ ਦੇ ਸ਼ਬਦ ਅੰਤ ਵਿਚ ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਕਹੇ|
ਪਿਛਲੀ ਵਾਰ ਦੀ ਮੀਟਿੰਗ ਦੀ ਕਾਰਵਾਈ ਰਿਪੋਰਟ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਪੇਸ਼ ਕੀਤੀ| ਇਸ ਮੀਟਿੰਗ ਵਿਚ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਤੋਂ ਬਿਨਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹ ਸੇਵਾ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਦੇ ਵਿਗਿਆਨੀ ਭਰਪੂਰ ਗਿਣਤੀ ਵਿਚ ਮੌਜੂਦ ਸਨ| |