ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨੇ ਬਿਨਾਂ ਸਾੜੇ ਪਰਾਲੀ ਦੀ ਸੁਚੱਜੀ ਸੰਭਾਲ ਲਈ ਇਕ ਵਿਸ਼ੇਸ਼ ਸਿਖਲਾਈ ਕੈਂਪ ਦਾ ਆਯੋਜਨ ਕੀਤਾ| ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਿਖਲਾਈ ਦੇਣ ਲਈ ਲਾਏ ਇਸ ਕੋਰਸ ਵਿਚ ਪੰਜਾਬ ਦੇ 11 ਜ਼ਿਲ੍ਹਿਆਂ ਦੇ 50 ਦੇ ਕਰੀਬ ਸਿਖਿਆਰਥੀ ਸ਼ਾਮਿਲ ਹੋਏ| ਜ਼ਿਕਰਯੋਗ ਹੈ ਕਿ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਜਸਵੰਤ ਸਿੰਘ ਨੇ ਨਵੀਂ ਨਿਯੁਕਤ ਹੋਏ ਖੇਤੀ ਵਿਕਾਸ ਅਧਿਕਾਰੀਆਂ ਨੂੰ ਸਿੱਖਿਅਤ ਕਰਨ ਲਈ ਇਸ ਕੋਰਸ ਦੀ ਵਿਉਂਤਬੰਦੀ ਕੀਤੀ ਸੀ|
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਪੀ.ਏ.ਯੂ. ਵੱਲੋਂ ਬੀਤੇ 25 ਸਾਲਾਂ ਵਿਚ ਪਰਾਲੀ ਦੀ ਸੰਭਾਲ ਲਈ ਕੀਤੀਆਂ ਵਿਸ਼ੇਸ਼ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਕਿਸਾਨਾਂ ਦੇ ਲਾਭ ਅਤੇ ਵਾਤਾਵਰਨ ਦੀ ਸੰਭਾਲ ਲਈ ਮਸ਼ੀਨਰੀ ਅਤੇ ਤਕਨੀਕਾਂ ਯਾਦ ਕੀਤੀਆਂ ਹਨ| ਇਸ ਕੈਂਪ ਦੀ ਸਫਲਤਾ ਬਾਰੇ ਆਸ ਪ੍ਰਗਟਾਉਂਦਿਆਂ ਉਹਨਾਂ ਕਿਹਾ ਕਿ ਪਰਾਲੀ ਸਾੜਨ ਦਾ ਰੁਝਾਨ ਜਲਦ ਹੀ ਖਤਮ ਹੋ ਜਾਵੇਗਾ|
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਇਸ ਮੌਕੇ ਖੇਤੀ ਵਿਕਾਸ ਅਧਿਕਾਰੀਆਂ ਨੂੰ ਪਰਾਲੀ ਦੀ ਸੰਭਾਲ ਦੇ ਨੁਕਤੇ ਦੱਸਦਿਆਂ ਜ਼ਮੀਨ ਦੇ ਉਪਜਾਊਪਣ ਉੱਪਰ ਇਸਦੇ ਪ੍ਰਭਾਵਾਂ ਦੀ ਵਿਆਖਿਆ ਕੀਤੀ|
ਕੋਰਸ ਦੇ ਕੁਆਰਡੀਨੇਟਰ ਡਾ. ਮਹੇਸ਼ ਨਾਰੰਗ ਨੇ ਸਿਖਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਸਾਨਾਂ ਤੱਕ ਜਾਗਰੂਕਤਾ ਦੇ ਪਸਾਰ ਲਈ ਵਿਕਸਿਤ ਤਕਨਾਲੋਜੀਆਂ ਕਿਸਾਨਾਂ ਤੱਕ ਪਹੁੰਚਾਉਣ ਦਾ ਸਹੀ ਸਮਾਂ ਸਾਹਮਣੇ ਹੈ| ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਮਾਹਿਰਾਂ ਲਈ 8 ਅਕਤੂਬਰ ਤੋਂ ਇਸੇ ਤਰ੍ਹਾਂ ਦੀ ਇਕ ਹੋਰ ਸਿਖਲਾਈ ਆਯੋਜਿਤ ਕੀਤੀ ਜਾ ਰਹੀ ਹੈ|
ਪ੍ਰਮੁੱਖ ਵਿਗਿਆਨੀ ਡਾ. ਮਨਪ੍ਰੀਤ ਸਿੰਘ ਨੇ ਪੀ.ਏ.ਯੂ. ਵੱਲੋਂ ਵਿਕਸਿਤ ਤਕਨਾਲੋਜੀਆਂ ਵਿਚ ਹੈਪੀਸੀਡਰ, ਸੁਪਰ ਐੱਸ ਐੱਮ ਐੱਸ ਅਤੇ ਪੀ.ਏ.ਯੂ. ਸਮਾਰਟ ਸੀਡਰ ਬਾਰੇ ਜਾਣਕਾਰੀ ਦਿੱਤੀ| ਡਾ. ਅਪੂਰਵ ਪ੍ਰਕਾਸ਼ ਨੇ ਪਰਾਲੀ ਨੂੰ ਖੇਤ ਵਿਚ ਮਿਲਾਉਣ ਲਈ ਵਰਤੇ ਜਾਂਦੇ ਤਰੀਕਿਆਂ ਤੋਂ ਮਾਹਿਰਾਂ ਨੂੰ ਜਾਣੂੰ ਕਰਵਾਇਆ| ਡਾ. ਨਾਰੰਗ ਨੇ ਵੀ ਇਸ ਮੌਕੇ ਸਰਫੇਸ ਸੀਡਿੰਗ ਤਕਨਾਲੋਜੀ ਬਾਰੇ ਵਿਸ਼ੇਸ਼ ਭਾਸ਼ਣ ਦੇਣ ਦੇ ਨਾਲ-ਨਾਲ ਸਿਖਿਆਰਥੀਆਂ ਨੂੰ ਇਸ ਮਸ਼ੀਨ ਦਾ ਮੁਆਇਨਾ ਵੀ ਕਰਵਾਇਆ|
ਡਾ. ਬੇਅੰਤ ਸਿੰਘ ਨੇ ਪਰਾਲੀ ਵਾਹ ਕੇ ਬੀਜੀ ਕਣਕ ਵਿਚ ਕੀੜੇ ਮਕੌੜਿਆਂ ਦੀ ਰੋਕਥਾਮ ਸੰਬੰਧੀ, ਡਾ. ਇਕਬਾਲ ਸਿੰਘ ਨੇ ਪਰਾਲੀ ਨੂੰ ਊਰਜਾ ਦੇ ਸਰੋਤ ਵਜੋਂ ਵਰਤਣ ਸੰਬੰਧੀ ਅਤੇ ਡਾ. ਪ੍ਰੀਆ ਕਟਿਆਲ ਨੇ ਪਰਾਲੀ ਗਲਾਉਣ ਲਈ ਬਾਇਓ ਡੀਕੰਪੋਜ਼ਰ ਦੇ ਤਜਰਬਿਆਂ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ| ਡਾ. ਮਨਮੀਤ ਕੌਰ ਨੇ ਕਿਸਾਨਾਂ ਤੱਕ ਸਹੀ ਅਤੇ ਸਟੀਕ ਜਾਣਕਾਰੀ ਪਹੁੰਚਾਉਣ ਲਈ ਸੁਚਾਰੂ ਪਸਾਰ ਅਤੇ ਸੰਚਾਰ ਵਿਧੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ|
ਅੰਤ ਵਿਚ ਡਾ. ਮਹੇਸ਼ ਨਾਰੰਗ ਨੇ ਸਭ ਦਾ ਧੰਨਵਾਦ ਕੀਤਾ| |