New Version

Punjab Agricultural University - PAU

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Year of Education & Service
| | | | | PAU Admissions | Recruitments | | | |
Home News / ਖ਼ਬਰਾਂ
ਕਿਸਾਨ ਵੀਰੋ ਝੋਨੇ ਵਿੱਚ ਭੂਰੇੇ ਟਿੱਡੇ ਦੇ ਹਮਲੇ ਤੋਂ ਸੁਚੇਤ ਰਹੋ
01-10-2025

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੀਤੇ ਤਾਜੇ ਸਰਵੇਖਣ ਦੌਰਾਨ ਝੋਨੇ ਦੇ ਖੇਤਾਂ ਵਿੱਚ ਭੂਰੇ ਟਿੱਡੇ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ ਜਿਸ ਲਈ ਕਿਸਾਨ ਵੀਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।ਇਸ ਕੀੜੇ ਦੇ ਬੱਚੇ ਅਤੇ ਬਾਲਗ ਬੂਟਿਆਂ ਦਾ ਰਸ ਚੂਸਦੇ ਹਨ। ਹਮਲੇ ਵਜੋਂ ਬੂਟੇ ਦੇ ਪੱਤੇ ਉੱਪਰਲੇ ਸਿਰਿਆਂ ਵਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ ਤੇ ਕਾਲੀ ਉੱਲ਼ੀ ਵੀ ਲੱਗ ਜਾਂਦੀ ਹੈ। ਹਮਲੇ ਵਾਲੇ ਬੂਟੇ ਸੁੱਕਣ ਕਾਰਨ ਟਿੱਡੇ ਲਾਗਲੇ ਨਰੋਏ ਬੂਟਿਆਂ ਤੇ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਬੂਟੇ ਦੌਗੀਆਂ/ ਧੌੜੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਹਮਲਾ ਵੱਧਣ ਨਾਲ ਇਨ੍ਹਾਂ ਦੌਗੀਆਂ/ ਧੌੜੀਆਂ ਦੇ ਘੇਰਿਆਂ ਦੇ ਅਕਾਰ ਵੀ ਵੱਧਦੇ ਰਹਿੰਦੇ ਹਨ ਅਤੇ ਹੌਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ।

ਕਿਸਾਨ ਵੀਰਾਂ ਨੂੰ ਇਸ ਕੀੜੇ ਦੇ ਹਮਲੇ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਇਸ ਕੀੜੇ ਦੇ ਹਮਲੇ ਨੂੰ ਖੇਤਾਂ ਵਿੱਚ ਵੇਖਣ ਲਈ ਕਿਸਾਨ ਵੀਰ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ ਹੇਠਾਂ ਤੋਂ 2-3 ਵਾਰੀ ਝਾੜਨ ਅਤੇ ਜੇਕਰ ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਪਾਣੀ ਉਤੇ ਤਰਦੇ ਨਜ਼ਰ ਆਉਣ ਤਾਂ ਫ਼ਸਲ ਉਤੇ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਕਰਨ।ਕਿਸਾਨ ਵੀਰ ਇਸ ਕੀੜੇ ਦੀ ਆਮਦ ਖੇਤਾਂ ਕੋਲ ਬੱਲਬ ਜਗ੍ਹਾ ਕੇ ਕਰ ਸਕਦੇ ਹਨ ਕਿੳਂੁਕਿ ਇਹ ਕੀੜੇ ਲਾਈਟ ਵੱਲ ਬਹੁਤ ਆਕਰਸ਼ਿਤ/ਖਿੱਚੇ ਜਾਂਦੇ ਹਨ।ਇਸਦੀ ਰੋਕਥਾਮ ਲਈ ਸਿਰਫ ਹੇਠ ਲਿਖੇ ਕੀਟਨਾਸ਼ਕ ਹੀ ਵਰਤੇ ਜਾਣ:

ਰੋਕਥਾਮ

ਰਸਾਇਣਕ ਰੋਕਥਾਮ : ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਥਾਪੜੋ/ਝਾੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਦਿਖਾਈ ਦੇਣ ਤਾਂ ਕਿਸੇ ਇੱਕ ਕੀਟਨਾਸ਼ਕ ਜਿਵੇਂ ਕਿ 80 ਮਿਲੀਲਿਟਰ ਇਕੋਟਿਨ (ਅਜ਼ੈਡੀਰੈਕਟਿਨ 5%) ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨਿਕਾਮਿਡ) ਜਾਂ 94 ਮਿਲੀਲਿਟਰ ਪੈਕਸਾਲੋਨ 10 ਐਸ ਸੀ (ਟ੍ਰਾਈਫਲੂਮੀਜ਼ੋਪਾਇਰਮ) ਜਾਂ 80 ਗ੍ਰਾਮ ਟੋਕਨ/ ਓਸ਼ੀਨ/ਡੋਮਿਨੇਂਟ 20 ਐਸ ਜੀ (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਜਾਂ 400 ਮਿਲੀਲਿਟਰ ਆਰਕੈਸਟਰਾ 10 ਐਸ ਸੀ (ਬੈਂਜ਼ਪਾਇਰੀਮੋਕਸਾਨ) ਜਾਂ 300 ਮਿਲੀਲਿਟਰ ਇਮੇਜਿਨ/ਵਿਓਲਾ 10 ਐਸ ਸੀ (ਫਲੂਪਾਇਰੀਮਿਨ) ਜਾਂ 800 ਮਿਲੀਲਿਟਰ ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।

ਚਿਤਾਵਨੀਆਂ:

ੳ) ਛਿੜਕਾਅ ਕਰਨ ਵੇਲੇ ਪੰਪ ਦੇ ਫ਼ੁਹਾਰੇ ਦਾ ਰੁਖ਼ ਬੂਟਿਆਂ ਦੇ ਮੁੱਢਾਂ ਵੱਲ ਰੱਖੋ ਤਾਂ ਜੋ ਛਿੜਕਾਅ ਬੂਟਿਆਂ ਦੇ ਮੁੱਢਾਂ ਤੇ ਜ਼ਰੂਰ ਪਵੇ ਜਿੱਥੇ ਇਹ ਕੀੜੇ ਵਧੇਰੇ ਹੁੰਦੇ ਹਨ।

ਅ) ਜੇ ਕੀੜੇ ਦਾ ਹਮਲਾ ਦੌਗੀਆਂ/ ਧੌੜੀਆਂ ਵਿੱਚ ਹੋਵੇ ਤਾਂ ਕੀਟਨਾਸ਼ਕ ਦਾ ਛਿੜਕਾਅ ਸਾਰੇ ਖੇਤ ਦੀ ਬਜਾਏ ਅਜਿਹੀਆਂ ਦੌਗੀਆਂ/ ਧੌੜੀਆਂ ਉੱਪਰ ਅਤੇ ਇਨ੍ਹਾਂ ਦੇ ਆਲੇ-ਦੁਆਲੇ 3-4 ਮੀਟਰ ਦੇ ਘੇਰੇ ਅੰਦਰ ਆਉਂਦੇ ਤੰਦਰੁਸਤ ਬੂਟਿਆਂ ਤੇ ਹੀ ਕਰੋ ਕਿਉਂਕਿ ਟਿੱਡਿਆਂ ਦੀ ਜ਼ਿਆਦਾ ਗਿਣਤੀ ਇਨ੍ਹਾਂ ਥਾਵਾਂ ਤੇ ਹੀ ਹੁੁੰਦੀ ਹੈ।

Technology Marketing
and IPR Cell

Total visitors 6045614

 
© Punjab Agricultural University Disclaimer | Privacy Policy | Contact Us