ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਤਹਿਤ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹਸ਼ਿਆਰਪੁਰ ਦੇ ਸਹਿਯੋਗ ਨਾਲ ਮਿਤੀ 30 ਸਤੰਬਰ, 2025 ਨੂੰ ਇੱਕ ਦਿਨਾਂ ਕੁਦਰਤੀ ਖੇਤੀ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮਾਹਿਲਪੁਰ ਅਤੇ ਗੜ੍ਹਸ਼ੰਕਰ ਬਲਾਕ ਦੇ ਕਿਸਾਨਾਂ ਨੇ ਭਾਗ ਲਿਆ।
ਸਿਖਿਆਰਥੀਆਂ ਦਾ ਸੁਆਗਤ ਕਰਦਿਆਂ, ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਨੇ ਕੇ.ਵੀ.ਕੇ. ਵੱਲੋਂ ਕਿਸਾਨ ਭਲਾਈ ਬਾਬਤ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਉਹਨਾਂ ਨਾਲ ਸਾਂਝਾ ਕੀਤਾ। ਡਾ. ਬੌਂਸ ਨੇ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਦਾਇਰੇ ਬਾਰੇ ਚਾਨਣਾ ਪਾਇਆ ਅਤੇ ਸਿਖਿਆਰਥੀਆਂ ਨੂੰ ਬਿਹਤਰ ਮਨੁੱਖੀ, ਮਿੱਟੀ ਅਤੇ ਵਾਤਾਵਰਣ ਦੀ ਸਿਹਤ ਲਈ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।
ਇਸ ਸਿਖਲਾਈ ਦੌਰਾਨ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਮਾਹਿਰਾਂ ਵੱਲੋਂ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ।ਡਾ: ਪ੍ਰਭਜੋਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕੁਦਰਤੀ ਖੇਤੀ ਦੇ ਵੱਖ-ਵੱਖ ਪਹਿਲੂਆਂ- ਜੀਵਅੰਮ੍ਰਿਤ, ਬੀਜਅੰਮ੍ਰਿਤ, ਘਣਜੀਵਅੰਮ੍ਰਿਤ, ਅਗਨੀਅਸਤਰ, ਬ੍ਰਹਮਅਸਤਰ, ਅੱਛਾਧਨ (ਮਲਚਿੰਗ) ਅਤੇ ਵਾਪਸਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਦਕਿ, ਡਾ. ਕਰਮਵੀਰ ਸਿਘ ਗਰਚਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਨੇ ਕੁੁਦਰਤੀ ਖੇਤੀ ਤਕਨੀਕਾਂ ਰਾਂਹੀ ਫਲ ਅਤੇ ਸਬਜੀ ਉਤਪਾਦਨ ਦੇ ਨੁਕਤੇ ਸਾਂਝੇ ਕੀਤੇ ਅਤੇ ਕੁਦਰਤੀ ਖੇਤੀ ਉਪਜ ਦੇ ਮੰਡੀਕਰਨ ਲਈ ਪ੍ਰੋਸੈਸਿੰਗ ਰਾਹੀਂ ਮੁੱਲ ਵਾਧੇ ਵਿੱਚ ਇਜਾਫੇ ਬਾਰੇ ਦੱਸਿਆ।
ਸਿਖਲਾਈ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਗੜ੍ਹਸ਼ੰਕਰ ਤੋਂ ਸ਼੍ਰੀ. ਸੁਖਜਿੰਦਰਪਾਲ ਸਿੰਘ, ਖੇਤੀਬਾੜੀ ਅਫਸਰ, ਸ਼੍ਰੀ. ਜਸਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਤੇ ਸ਼੍ਰੀ ਕੁਲਵਿੰਦਰ ਸਾਹਨੀ, ਬਲਾਕ ਤਕਨਾਲੋਜੀ ਮੈਨੇਜਰ, ਆਤਮਾ ਸਕੀਮ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਹਿਲਪੁਰ ਤੋਂ ਸ਼੍ਰੀ. ਰਾਜੇਸ਼ ਕੁਮਾਰ, ਖੇਤੀ ਪਸਾਰ ਅਫਸਰ ਸ਼ਾਮਿਲ ਹੋਏ। |