ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਬਠਿੰਡਾ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏੌ ਦੇ ਉਦੇਸ਼ ਨਾਲ ਲਗਾਏ ਇਸ ਕਿਸਾਨ ਮੇਲੇ ਵਿੱਚ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਮੁੱਖ ਮਹਿਮਾਨ ਵਜੋਂ ਸ. ਮੋਹਨ ਸਿੰਘ ਜਾਖੜ, ਮੈਬਂਰ ਪ੍ਰਬੰਧਕੀ ਬੋਰਡ, ਪੀ.ਏ.ਯੂ. ਅਤੇ ਡਾ. ਐਸ.ਕੇ. ਸ਼ਰਮਾ, ਵਾਈਸ ਚਾਂਸਲਰ, ਮਹਾਰਾਜਾ ਰਣਜੀਤ ਸਿੰਘ ਪੀ.ਟੀ.ਯੂ., ਬਠਿੰਡਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸ਼੍ਰੀ ਪਦਮਜੀਤ ਮਹਿਤਾ, ਮੇਅਰ ਬਠਿੰਡਾ ਤੋਂ ਇਲਾਵਾ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਟਰਜ਼ ਅਤੇ ਹੋਰ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇਸ਼ ਭਰ ਦੀਆਂ ਖੇਤੀ ਯੂਨੀਵਰਸਿਟੀਆਂ ਵਿਚੋਂ ਲਗਾਤਾਰ ਤੀਜੇ ਸਥਾਨ ਤੇ ਆਈ ਹੈ, ਜਿਸ ਦਾ ਸਮੁੱਚਾ ਸਿਹਰਾ ਸਾਡੇ ਮਿਹਨਤਕਸ਼ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀ ਲਗਨ ਨੂੰ ਜਾਂਦਾ ਹੈ। ਕਿਸਾਨ ਮੇਲੇ ਦੇ ਉਦੇਸ਼ ਬਾਰੇ ਉਨ੍ਹਾਂ ਕਿਹਾ ਕਿ ਖੇਤੀ ਮੁਨਾਫ਼ਾ ਵਧਾਉਣ ਲਈ ਸਾਨੂੰ ਬਾਹਰਲੇ ਮੁਲਕਾਂ ਦੀ ਤਰਜ਼ ਤੇ ਆਪਣੀਆਂ ਖੇਤੀ ਜਿਣਸਾਂ ਸਿੱਧੀਆਂ ਮੰਡੀ ਵਿੱਚ ਵੇਚਣ ਦੀ ਬਜਾਏ ਉਨ੍ਹਾਂ ਦੀ ਪ੍ਰੋਸੈਸਿੰਗ ਕਰਕੇ ਵੱਧ ਤੋਂ ਵੱਧ ਉਤਪਾਦ ਬਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਘਰੇਲੂ ਪੱਧਰ ਤੇ ਪ੍ਰੋਸੈਸਿੰਗ ਯੂਨਿਟ ਲਗਾ ਕੇ ਅਸੀਂ ਗੁਣਵੱਤਾ ਭਰਪੂਰ ਵਿਭਿੰਨ ਕਿਸਮ ਦੇ ਉਤਪਾਦ ਤਿਆਰ ਕਰ ਸਕਦੇ ਹਾਂ। ਖੇਤੀ ਪ੍ਰੋਸੈਸਿੰਗ ਸੰਬੰਧੀ ਲੋੜੀਦੀਆਂ ਸਿਖਲਾਈਆਂ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਦਂਰਾਂ, ਸਕਿਲੱਡ ਡਿਵੈਲਪਮੈਟਂ ਸੈਟਂਰ ਅਤੇ ਐਗਰੋ ਪ੍ਰੋਸੈਸਿੰਗ ਸੈਟਂਰ ਤੋਂ ਹਾਸਿਲ ਕਰਨ ਦੀ ਸਿਫ਼ਾਰਿਸ਼ ਕਰਦਿਆਂ ਡਾ. ਗੋਸਲ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋ ਸਿਫਾਰਿਸ਼ ਕੀਤੀਆਂ ਜਾਂਦੀਆਂ ਕਿਸਮਾਂ ਬੀਜਣ ਦੀ ਤਾਕੀਦ ਕੀਤੀ। ਖੇਤੀ ਸਹਿਤ ਪੜ੍ਹ ਕੇ ਵਿਗਿਆਨਕ ਖੇਤੀ ਕਰਨ ਅਤੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਚਾਰਿਆਂ, ਦਾਲਾਂ, ਤੇਲ ਬੀਜਾਂ ਅਤੇ ਸਬਜ਼ੀਆਂ ਦੀਆਂ ਕਿੱਟਾਂ ਖਰੀਦਣ ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਪੀ.ਏ.ਯੂ. ਖੇਤੀ ਸੰਦੇਸ਼, ਫੇਸ ਬੁੱਕ ਲਾਈਵ ਪ੍ਰੋਗਰਾਮ, ਯੂ ਟਿਊਬ ਚੈਨਲਾਂ ਅਤੇ ਵੱਟਜ਼ਐਪ ਗਰੁੱਪਾਂ ਨਾਲ ਜੁੜ ਕੇ ਵਿਗਿਆਨਕ ਖੇਤੀ ਕਰਨ ਲਈ ਪ੍ਰੇਰਿਆ।
ਖੇਤੀ ਗਿਆਨ-ਵਿਗਿਆਨ ਨੂੰ ਘਰ-ਘਰ ਪਹੁੰਚਾਉਣ ਲਈ ਇੰਸਟੀਚਿਊਟ ਆਫ ਐਗਰੀਕਲਚਰ ਦਾ ਉਦਘਾਟਨ ਕਰਦਿਆਂ ਡਾ. ਗੋਸਲ ਨੇ ਕਿਸਾਨਾਂ ਨੂੰ ਆਪਣੇ ਬੱਚਿਆਂ ਨੂੰ ਖੇਤੀ ਦੇ ਵਾਰਸ ਬਨਾਉਣ ਲਈ ਵੱਧ ਤੋਂ ਵੱਧ ਖੇਤੀ ਸਿੱਖਿਆ ਨਾਲ ਜੋੜਨ ਲਈ ਕਿਹਾ। ਉਨ੍ਹਾਂ ਨੇ ਇਸ ਇੰਸਟੀਚਿਊਟ ਤੋਂ ਪੜ੍ਹ ਕੇ ਖੇਤੀ ਵਿੱਚ ਉਚੇਰੀ ਸਿੱਖਿਆ ਹਾਸਿਲ ਕਰਨ ਲਈ ਅਮਰੀਕਾ ਗਏ ਦਸ ਵਿਦਿਆਰਥੀਆਂ ਦੀ ਖੁਸ਼ੀ ਸਾਂਝੀ ਕਰਦਿਆਂ ਡਾ ਅਵਤਾਰ ਸਿੰਘ ਧੱਮੂ, ਐਸੋਸੀਏਟ ਡੀਨ, ਇੰਸਟੀਚਿਊਟ ਆਫ ਐਗਰੀਕਲਚਰ, ਬਠਿੰਡਾ ਅਤੇ ਡਾ ਚਰਨਜੀਤ ਸਿੰਘ ਔਲਖ, ਡੀਨ ਖੇਤੀਬਾੜੀ ਕਾਲਜ, ਪੀ.ਏ.ਯੂ. ਨੂੰ ਵਧਾਈ ਦਿੱਤੀ।
ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਖੇਤ ਮਸ਼ੀਨਰੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੱਕ 974 ਤੋਂ ਵੱਧ ਕਿਸਮਾਂ ਵਿਕਸ਼ਤ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 250 ਤੋਂ ਵੱਧ ਕਿਸਮਾਂ ਦੇਸ਼ ਭਰ ਲਈ ਸਿਫ਼ਾਰਿਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਣਕ ਦੀ ਨਵੀਂ ਕਿਸਮ ਪੀ.ਬੀ.ਡਬਲਯ. 872, ਜੌਆਂ ਦੀ ਕਿਸਮ ਪੀ.ਐਲ-942, ਸੱਠੀ ਮੂੰਗੀ ਦੀ ਕਿਸਮ ਐਸ.ਐਮ.ਐਲ 2575 ਅਤੇ ਸਬਜ਼ੀਆਂ ਵਿਚੋਂ ਪੰਜਾਬ ਆਲੂ 103 ਅਤੇ 104 ਕਿਸਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਯੂਨੀਵਰਸਿਟੀ ਵੱਲੋਂ ਵਿਕਸ਼ਤ ਕੀਤੀ ਨਵੀਂ ਖੇਤ ਮਸ਼ੀਨਰੀ ਬਾਰੇ ਜਾਣਕਾਰੀ ਦਿੰਦਿਆਂ ਡਾ. ਢੱਟ ਨੇ ਬਿਨਾਂ ਡਰਾਈਵਰ ਨਾਲ ਚੱਲਣ ਵਾਲੇ ਟਰੈਕਟਰ, ਝੋਨੇ ਦੀ ਪਨੀਰੀ ਦੀ ਬਿਜਾਈ ਕਰਨ ਵਾਲੀ ਮਸ਼ੀਨ ਅਤੇ ਪਰਾਲੀ ਦੀ ਸਾਂਭ-ਸੰਭਾਲ ਕਰਨ ਵਾਲੀਆਂ ਮਸ਼ੀਨਾਂ ਬਾਰੇ ਵਿਸਥਾਰ-ਪੂਰਵਕ ਦੱਸਿਆ। ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਦੀ ਸਿਫ਼ਾਰਿਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸਾਡੇ ਵਾਤਾਵਰਣ ਦੀ ਸਾਂਭ-ਸੰਭਾਲ ਹੁੰਦੀ ਹੈ ਉਥੇ ਸੂਖਮ ਜੀਵਾਣੂ ਖੇਤ ਵਿੱਚ ਰਹਿਣ ਸਦਕਾ ਜ਼ਮੀਨ ਪੋਲੀ ਰਹਿੰਦੀ ਹੈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ।
ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪੰਤਵੰਤਿਆਂ, ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਕਿਹਾ ਕਿ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ ਜਿਥੇ ਆਏ ਦਿਨ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਮੇਲੇ ਲੱਗਦੇ ਰਹਿੰਦੇ ਹਨ ਪਰ ਪੀ.ਏ.ਯੂ. ਦਾ ਇਹ ਕਿਸਾਨ ਮੇਲਾ ਇਹਨਾਂ ਸਾਰੇ ਮੇਲਿਆਂ ਵਿਚੋਂ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਵਿੱਚ ਵੱਡੀ ਗਿਣਤੀ ਕਿਸਾਨ ਭਰਾਵਾਂ ਦੀ ਸ਼ਮੂਲੀਅਤ ਉਨ੍ਹਾਂ ਦੇ ਯੂਨੀਵਰਸਿਟੀਆਂ ਦੀਆਂ ਖੋਜ ਅਤੇ ਪਸਾਰ ਸੇਵਾਵਾਂ ਪ੍ਰਤੀ ਅਥਾਹ ਵਿਸ਼ਵਾਸ ਦਾ ਪ੍ਰਤੀਕ ਹੈ. ਖੇਤੀ ਆਮਦਨ ਨੂੰ ਵਧਾਉਣ ਲਈ ਵੱਧ ਤੋਂ ਵੱਧ ਸਹਾਇਕ ਧੰਦੇ ਅਪਨਾਉਣ ਦੀ ਸਿਫਾਰਿਸ਼ ਕਰਦਿਆਂ ਡਾ ਭੁੱਲਰ ਨੇ ਇਸ ਸਬੰਧੀ ਸਿਖਲਾਈਆਂ, ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਦਂਰਾਂ ਤੋਂ ਹਾਸਿਲ ਕਰਨ ਲਈ ਕਿਹਾ। ਉਨ੍ਹਾਂ ਨੇ ਪੀ.ਏ.ਯੂ. ਤੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰ ਖੇਤੀ ਰਸਾਲੇ,ਚੰਗੀ ਖੇਤੀ ਅਤੇ ਪ੍ਰੋਗ੍ਰੈਸਿਵ ਫਾਰਮਿੰਗੋ ਦੇ ਜੀਵਨ ਮੈਬਂਰ ਬਣ ਕੇ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਦੀ ਸਿਫ਼ਾਰਿਸ਼ ਕੀਤੀ।
ਇਸ ਮੌਕੇ ਡਾ. ਗੁਰਜਿੰਦਰ ਸਿੰਘ ਰੁਮਾਣਾ ਪ੍ਰਮੁੱਖ ਖੇਤੀ ਵਿਗਿਆਨੀ ਨੂੰ ਯੂਨੀਵਰਸਿਟੀ ਸੇਵਾਵਾਂ ਵਿੱਚ ਪਾਏ ਵਿਸ਼ੇਸ਼ ਯੋਗਦਾਨ ਦੇ ਇਵਜ਼ ਵਜੋਂ ਸਨਮਾਨਤ ਕੀਤਾ ਗਿਆ। ਖੇਤੀ ਖੋਜ ਅਤੇ ਪਸਾਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਸ੍ਰ. ਹਰਨੇਕ ਸਿੰਘ, ਪਿੰਡ ਤਰਖਾਨ ਵਾਲਾ ਨੇ 12,000$-ਰੁਪਏ ਦੀ ਰਾਸ਼ੀ ਪੀ.ਏ.ਯੂ. ਇੰਡੋਵਮੈਟਂ ਫੰਡ ਵਜੋਂ ਦਿੱਤੀ।
ਇਸ ਮੌਕੇ ਡਾ. ਕਰਮਜੀਤ ਸਿੰਘ ਸੇਖੋ, ਨਿਰਦੇਸ਼ਕ, ਖੇਤਰੀ ਖੋਜ ਕੇਦਂਰ, ਬਠਿੰਡਾ ਨੇ ਧੰਨਵਾਦ ਦੇ ਸ਼ਬਦ ਕਹੇ। ਮੰਚ ਸੰਚਾਲਨ ਡਾ ਗੁਰਜਿੰਦਰ ਸਿੰਘ ਰੁਮਾਣਾ ਅਤੇ ਡਾ ਅਮਰਜੀਤ ਸਿੰਘ ਸੰਧੂ ਨੇ ਕੀਤਾ। |