ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ 8-10 ਅਕਤੂਬਰ, 2025 ਨੂੰ 11ਵੀਂ ਸਰਬ ਭਾਰਤੀ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਕਾਨਫਰੰਸ ਹੋ ਰਹੀ ਹੈ। ਜਿਸ ਦੇ ਸਮਾਪਤੀ ਸਮਾਰੋਹ ਵਿਚ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਮੁਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਡਾ ਸੁਰਜੀਤ ਪਾਤਰ ਚੇਅਰ, ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਨੂੰ ਪੰਜਾਬੀ ਲਿੰਗੂੲੁਸਟਿਕਸ ਐਸੋਸੀਏਸ਼ਨ, ਪਟਿਆਲ਼ਾ (ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ) ਅਤੇ ਭਾਰਤੀ ਭਾਸ਼ਾ ਸੰਸਥਾਨ, ਮੈਸੂਰ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ) ਸਹਿਯੋਗ ਦੇ ਰਹੀਆਂ ਹਨ।
ਇਸ ਕਾਨਫਰੰਸ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਸੰਬੰਧਿਤ ਕਮੇਟੀ ਨਾਲ ਮੀਟਿੰਗ ਕੀਤੀ ਅਤੇ ਕਾਨਫਰੰਸ ਨਾਲ ਸੰਬੰਧਿਤ ਬਰੌਸ਼ਰ ਵੀ ਜਾਰੀ ਕੀਤੇ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਦੌਰਾਨ ਸਰਸ ਮੇਲਾ ਵੀ ਚੱਲ ਰਿਹਾ ਹੋਵੇਗਾ ਤੇ ਪੀਏਯੂ ਦੀ ਧਰਤੀ ‘ਤੇ ਭਾਰਤ ਦੇ ਵਿਭਿੰਨ ਰਾਜਾਂ ਤੋਂ ਅਕਾਦਮਿਕ ਅਤੇ ਸਭਿਆਚਾਰਕ ਰੰਗਾਂ ਦਾ ਅਨੋਖਾ ਸੁਮੇਲ ਦੇਖਣ ਨੂੰ ਮਿਲੇਗਾ।
ਤਿੰਨ ਦਿਨ ਚੱਲਣ ਵਾਲੀ ਇਸ ਕਾਨਫਰੰਸ ਦਾ ਵਿਸ਼ਾ ‘ਰਾਸ਼ਟਰ ਦੀ ਸਿਰਜਣਾ ਅਤੇ ਸਿੱਖਿਆ ਲਈ ਭਾਸ਼ਾ ਅਤੇ ਸਭਿਆਚਾਰ ਦਾ ਕਾਰਜ : ਕੌਮੀ ਸਿੱਖਿਆ ਨੀਤੀ 2020’ ਹੋਵੇਗਾ। ਇਸ ਕਾਨਫਰੰਸ ਦੇ ਕਨਵੀਨਰ ਡਾ ਨਿਰਮਲ ਜੌੜਾ ਨੇ ਇਸ ਦੀ ਤਿਆਰੀ ਬਾਰੇ ਵਿਸ਼ਵਾਸ ਦਵਾਉਂਦਿਆਂ ਕਿਹਾ ਕਿ ਅਸੀਂ ਪੰਜਾਬੀ ਚੰਗੇ ਮਹਿਮਾਨ ਨਿਵਾਜ਼ ਹਾਂ ਅਤੇ ਡੈਲੀਗੇਟਾਂ ਦਾ ਬਿਹਤਰੀਨ ਪ੍ਰਬੰਧ ਕੀਤਾ ਜਾਵੇਗਾ। ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਅਤੇ ਚੇਅਰਪਰਸਨ ਡਾ. ਜਗਦੀਸ਼ ਕੌਰ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਸਿੱਖਿਆ ਅਤੇ ਅਕਾਦਮਿਕ ਖੇਤਰ ਨਾਲ ਜੁੜੇ ਭਾਰਤ ਦੇ ਲਗਭਗ 22 ਰਾਜਾਂ ਤੋਂ ਵਿਦਵਾਨ ਡੈਲੀਗੇਟ ਵਿਸ਼ੇ ‘ਤੇ ਚਰਚਾ ਕਰਨਗੇ। ਇਸ ਵਿਚ ਮੁਖ ਭਾਸ਼ਣਾਂ ਤੋਂ ਬਿਨਾ ਲਗਭਗ 56 ਖੋਜ-ਪੱਤਰ ਪੜ੍ਹੇ ਜਾਣਗੇ।
ਇਸ ਵਿਚ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਦੇ ਡੀਨ ਡਾ ਕਿਰਨ ਬੈਂਸ, ਡਾ. ਨੀਨਾ ਸਿੰਗਲਾ, ਡਾ ਸ਼ੀਤਲ ਥਾਪਰ, ਡਾ ਕਮਲਜੀਤ ਸੂਰੀ ਅਤੇ ਹੋਰ ਅਧਿਕਾਰੀ ਵੀ ਸ਼ਾਮਿਲ ਹੋਏ। ਇਸ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਡਿੰਪਲ ਮਦਾਨ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ ਅਤੇ ਭਰਪੂਰ ਸ਼ਮੂਲੀਅਤ ਦਾ ਯਕੀਨ ਦਿਵਾਇਆ। |