ਸ਼੍ਰੀਮਤੀ ਸ਼ੇਰੋਂ ਰਾਣੀ, ਪਤਨੀ ਸ਼੍ਰੀ ਸਤਪਾਲ ਸਿੰਘ, ਪਿੰਡ ਮਸਿੰਗਣ, ਜ਼ਿਲ੍ਹਾ ਪਟਿਆਲਾ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਆਯੋਜਿਤ ਕਿਸਾਨ ਮੇਲੇ ਵਿਚ ਸਵੈ-ਸਹਾਇਤਾ ਸਮੂਹ ਕੈਟਾਗਰੀ ਵਿਚ ਸਨਮਾਨਿਤ ਕੀਤਾ ਗਿਆ। ਇਹ ਕਿਸਾਨ ਮੇਲਾ 26–27 ਸਤੰਬਰ 2025 ਨੂੰ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੂੰ ਇਕ ਪ੍ਰਦਰਸ਼ਨੀ ਸਟਾਲ ਪ੍ਰਦਾਨ ਕੀਤਾ ਗਿਆ, ਜਿੱਥੇ ਉਸ ਨੇ ਆਪਣੇ ਹੱਥੀ ਤਿਆਰ ਕੀਤੀਆਂ ਫੁਲਕਾਰੀਆਂ, ਸੂਟ, ਬਾਗ, ਦੁਪੱਟੇ, ਕੁੜਤੇ, ਉੱਨ ਅਤੇ ਘਾਹ ਦੀਆਂ ਟੋਕਰੀਆਂ ਅਤੇ ਊਨੀ ਸਵੈਟਰ ਵਰਗੇ ਉੱਤਪਾਦ ਪ੍ਰਦਰਸ਼ਿਤ ਅਤੇ ਸੇਲ ਕੀਤੇ। ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ ਨੇ ਸ਼ੇਰੋਂ ਰਾਣੀ ਦੇ ਉੱਦਮ ਬਾਰੇ ਦੱਸਦਿਆਂ ਜਾਣਕਾਰੀ ਦਿੱਤੀ ਕਿ ਇਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਤੋਂ ਸਿਖਲਾਈ ਹਾਸਿਲ ਕਰਕੇ ਸਿਮਰਨ ਆਜੀਵਿਕਾ ਸਵੈ-ਸਹਾਇਤਾ ਸਮੂਹ ਬਣਾਇਆ ਅਤੇ ਕਿਰਤ ਅਤੇ ਉੱਦਮ ਨੂੰ ਆਪਣਾ ਮਿਸ਼ਨ ਬਣਾਇਆ। ਕੇ.ਵੀ.ਕੇ., ਪਟਿਆਲਾ ਤੋਂ ਪ੍ਰੋਫੈਸਰ ਗੁਰਉਪਦੇਸ਼ ਕੌਰ (ਗ੍ਰਹਿ ਵਿਗਿਆਨ) ਨੇ ਦੱਸਿਆ ਕਿ ਸ਼ੇਰੋਂ ਰਾਣੀ ਦਾ ਖੱਬਾ ਹੱਥ ਬਚਪਨ ਵਿੱਚ ਟੋਕੇ ਵਾਲੀ ਮਸ਼ੀਨ ਵਿੱਚ ਆ ਕੇ ਨਕਾਰਾ ਹੋ ਗਿਆ ਸੀ। ਪਰ ਸ਼ੇਰੋਂ ਰਾਣੀ ਨੇ ਇਸ ਅਪੰਗਤਾ ਨੂੰ ਆਪਣੀ ਕਮਜ਼ੋਰੀ ਨਾਂ ਮਨ ਕੇ ਆਰਥਿਕ ਆਤਮ-ਨਿਰਭਰਤਾ ਵੱਲ ਆਪਣਾ ਕਦਮ ਵਧਾਇਆ ਅਤੇ ਅੱਜ ਉਹ ਕਿਰਤ ਲਈ ਲਗਾਤਾਰ ਯਤਨਸ਼ੀਲ ਹੈ। ਉਹ ਆਪਣੇ ਆਲੇ-ਦੁਆਲੇ ਦੀਆਂ ਸਾਥਣਾ ਲਈ ਇਕ ਬਿਹਤਰੀਨ ਪ੍ਰੇਰਨਾ ਸਰੋਤ ਵੀ ਹੈ। |