ਹੁਸ਼ਿਆਰਪੁਰ ਦੇ ਕੰਢੀ ਇਲਾਕੇ ਵਿੱਚ ਸਾਉਣੀ ਦੌਰਾਨ ਤਿੱਲਾਂ ਦੀ ਕਾਸ਼ਤ ਤਕਰੀਬਨ 400 ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਇਸ ਫਸਲ ਨੂੰ ਜਿਆਦਾ ਪਾਣੀ ਦੀ ਜਰੂਰਤ ਨਹੀਂ ਹੈ ਅਤੇ ਨਾ ਹੀ ਜਿਆਦਾ ਸਾਂਭ-ਸੰਭਾਲ ਦੀ।ਕਿਸਾਨਾਂ ਨੂੰ ਤਿੱਲਾਂ ਦੀ ਸਫਲ ਕਾਸ਼ਤ ਸਬੰਧੀ ਜੋਰ ਦੇਣ ਲਈ ਅਤੇ ਉਹਨਾਂ ਸੰਬੰਧੀ ਲਗਾਈਆਂ ਖੇਤ ਪ੍ਰਦਰਸ਼ਨੀਆਂ ਦੀ ਕਾਰਗੁਜਾਰੀ ਦਰਸ਼ਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜਿਲਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਮਿਤੀ 29-9-2025 ਨੂੰ ਪਿੰਡ ਜੰਡਿਆਲਾ ਵਿਖੇ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ।
ਖੇਤ ਦਿਵਸ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਮਨਿੰਦਰ ਸਿੰਘ ਬੌੰਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਤਿੱਲਾਂ ਦੀਆਂ ਫਸਲ ਪ੍ਰਦਰਸ਼ਨੀਆਂ ਦੇ ਮਨੋਰਥ ਬਾਰੇ ਚਾਨਣਾ ਪਾਇਆ। ਡਾ. ਬੌਂਸ ਨੇ ਤਿੱਲਾਂ ਦੀ ਫਸਲ ਪ੍ਰਦਰਸ਼ਨੀ ਤਹਿਤ ਬੀਜੀ ਉੱਨਤ ਕਿਸਮ- ਪੰਜਾਬ ਤਿਲ ਨੰ. 2 ਦੀ ਸਫਲ ਕਾਸ਼ਤ ਦੇ ਢੰਗ, ਖਾਦਾਂ ਦੀ ਵਰਤੋਂ, ਕੀੜੇ ਅਤੇ ਬਿਮਾਰੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਇਸ ਕਿਸਮ ਨੂੰ ਭਰਪੂਰ ਸ਼ਾਖਾਵਾਂ ਫੁੱਟਦੀਆਂ ਹਨ ਅਤੇ ਵਧੇਰੇ ਫ਼ਲੀਆਂ ਲੱਗਦੀਆਂ ਹਨ।ਇਹ ਕਿਸਮ ਤਕਰੀਬਨ 90 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 2.8 ਕੁਇੰਟਲ ਪ੍ਰਤੀ ਏਕੜ ਹੈ।ਡਾ. ਬੌਂਸ ਨੇੇ ਹਾੜ੍ਹੀ ਦੀਆਂ ਫਸਲਾਂ-ਕਣਕ, ਗੋਭੀ ਸਰ੍ਹੋਂ, ਛੋਲੇ ਅਤੇ ਮਸਰ ਦੀ ਕਾਸ਼ਤ ਬਾਰੇ ਜਰੂਰੀ ਨੁਕਤੇ ਸਾਂਝੇ ਕੀਤੇ ਅਤੇ ਫਸਲੀ ਰਹਿੰਦ-ਖੂੰਹਦ ਨੂੰ ਨਾ ਸਾੜਣ ਬਾਰੇ ਵੀ ਜੋਰ ਦਿੱਤਾ।
ਡਾ. ਕਰਮਵੀਰ ਸਿੰਘ ਗਰਚਾ, ਸਹਾਇਕ ਪੋ੍ਰਫੈਸਰ (ਸਬਜੀ ਵਿਗਿਆਨ) ਨੇ ਮਟਰ, ਆਲੂ ਅਤੇ ਖੁੰਬਾਂ ਦੀ ਕਾਸ਼ਤ ਬਾਬਤ ਨਵੀਨਤਮ ਤਕਨੀਕਾਂ ਬਾਰੇ ਤੇ ਪੌਸ਼ਟਿਕ ਘਰੇਲੂ ਬਗੀਚੀ ਦੀ ਮਹਤੱਤਾ ਸਬੰਧੀ ਦੱਸਿਆ ਅਤੇ ਪੌਸ਼ਟਿਕ ਘਰੇਲੂ ਬਗੀਚੀ ਅਪਨਾਉਣ ਬਾਰੇ ਵੀ ਪ੍ਰੇਰਿਆ।
ਇਸ ਕੈਂਪ ਵਿੱਚ ਪਿੰਡ ਜੰਡਿਆਲਾ ਤੋਂ ਅਗਾਂਹਵਧੂ ਕਿਸਾਨ, ਸ਼੍ਰੀ ਧਰਮਿੰਦਰ ਸਿੰਘ, ਸ਼੍ਰੀ ਰਛਪਾਲ ਸਿੰਘ, ਸ਼੍ਰੀ ਗੁਰਮੀਤ ਸਿੰਘ, ਸ਼੍ਰੀ ਜੁਝਾਰ ਸਿੰਘ, ਸ਼੍ਰੀ ਪਲਵਿੰਦਰ ਸਿੰਘ ਅਤੇ ਸ਼੍ਰੀ ਸੁਖਬੀਰ ਸਿੰਘ ਹਾਜਿਰ ਰਹੇ ਅਤੇ ਮਾਹਿਰਾਂ ਨਾਲ ਆਪਣੇੇ ਖਦਸ਼ਿਆਂ ਬਾਰੇ ਵਿਚਾਰ ਚਰਚਾ ਕੀਤੀ। |