New Version

Punjab Agricultural University - PAU

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Year of Education & Service
| | | | | PAU Admissions | Recruitments | | | |
Home News / ਖ਼ਬਰਾਂ
ਕਿਸਾਨਾਂ ਦੀ ਭਾਰੀ ਹਾਜ਼ਰੀ ਨਾਲ ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਸੰਪੰਨ ਹੋਇਆ
27-09-2025 Read in English

ਪੀ.ਏ.ਯੂ. ਵਿਖੇ ਜਾਰੀ ਦੋ ਰੋਜ਼ਾ ਕਿਸਾਨ ਮੇਲਾ ਅੱਜ ਸਫਲਤਾ ਪੂਰਵਕ ਸੰਪੂਰਨ ਹੋ ਗਿਆ| ਹਾੜੀ ਦੀਆਂ ਫਸਲਾਂ ਲਈ ਵਿਸ਼ੇਸ਼ ਤੌਰ ਤੇ ਆਯੋਜਿਤ ਕੀਤੇ ਗਏ ਇਸ ਮੇਲੇ ਵਿਚ ਪੰਜਾਬ ਤੋਂ ਇਲਾਵਾ ਆਸਪਾਸ ਦੇ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲਿਆ| ਕਿਸਾਨਾਂ ਨੇ ਯੂਨੀਵਰਸਿਟੀ ਦੀਆਂ ਕਈ ਕਿਸਮਾਂ ਦੇ ਬੀਜਾਂ, ਫਲਦਾਰ ਬੂਟਿਆਂ, ਸਬਜ਼ੀਆਂ-ਤੇਲਬੀਜਾਂ-ਚਾਰਿਆਂ ਦੀਆਂ ਕਿੱਟਾਂ ਤੋਂ ਇਲਾਵਾ ਭਾਰੀ ਮਾਤਰਾ ਵਿਚ ਖੇਤੀ ਸਾਹਿਤ ਦੀ ਖਰੀਦਦਾਰੀ ਕੀਤੀ| ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਖੇ ਹੋਏ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ. ਮਲਵਿੰਦਰ ਸਿੰਘ ਕੰਗ ਸ਼ਾਮਿਲ ਹੋਏ| ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਇਸ ਤੋਂ ਇਲਾਵਾ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ ਅਤੇ ਅਮਰਜੀਤ ਸਿੰਘ ਢਿੱਲੋਂ ਸਮੇਤ ਯੂਨੀਵਰਸਿਟੀ ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਵਿਦਿਆਰਥੀ ਅਤੇ ਕਿਸਾਨ ਭਾਰੀ ਗਿਣਤੀ ਵਿਚ ਮੌਜੂਦ ਰਹੇ|

ਮੁੱਖ ਮਹਿਮਾਨ ਸ. ਮਲਵਿੰਦਰ ਸਿੰਘ ਕੰਗ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਸਾਨੀ ਕਿੱਤੇ ਦੇ ਮਹਾਤਮ ਸੰਬੰਧੀ ਕਈ ਗੱਲਾਂ ਕੀਤੀਆਂ| ਉਹਨਾਂ ਕਿਹਾ ਕਿ ਇਹ ਧਰਤੀ ਨਾਲ ਜੁੜੇ ਹੋਏ ਅਤੇ ਧਰਤੀ ਨੂੰ ਮਾਂ ਕਹਿਣ ਵਾਲੇ ਲੋਕਾਂ ਦਾ ਕਸਬ ਹੈ| ਸ਼੍ਰੀ ਕੰਗ ਨੇ ਖੇਤੀਬਾੜੀ ਨੂੰ ਪੰਜਾਬ ਦੀ ਪਛਾਣ ਆਖਦਿਆਂ ਕਿਹਾ ਕਿ ਅਨਾਜ ਸਮੁੱਚੇ ਸੰਸਾਰ ਦੀ ਸਭ ਤੋਂ ਮੁੱਢਲੀ ਲੋੜ ਹੈ| ਇਸੇ ਕਰਕੇ ਗੁਰਮਤਿ ਕਵੀਆਂ ਨੇ ਖੇਤੀ ਦੇ ਮਹਾਤਮ ਨੂੰ ਪੇਸ਼ ਹੀ ਨਹੀਂ ਕੀਤਾ ਬਲਕਿ ਆਪ ਖੇਤੀ ਕੀਤੀ| ਸ਼੍ਰੀ ਕੰਗ ਨੇ ਆਪਣੇ ਭਾਸ਼ਣ ਵਿਚ ਤਿੰਨ ਨੁਕਤਿਆਂ ਉੱਪਰ ਧਿਆਨ ਕੇਂਦਰਿਤ ਕਰਦਿਆਂ ਕਿਸਾਨਾਂ ਨੂੰ ਘਰੇਲੂ ਖਰਚੇ ਘਟਾਉਣ, ਵਿਗਿਆਨਕ ਖੇਤੀ ਲਈ ਪੀ.ਏ.ਯੂ. ਨਾਲ ਜੁੜਨ ਅਤੇ ਨਵੇਂ ਯੁੱਗ ਦੀਆਂ ਲੋੜਾਂ ਮੁਤਾਬਿਕ ਪ੍ਰੋਸੈਸਿੰਗ ਅਤੇ ਮੁੱਲਵਾਧੇ ਨੂੰ ਅਪਨਾਉਣ ਦਾ ਸੱਦਾ ਦਿੱਤਾ| ਉਹਨਾਂ ਕਿਹਾ ਕਿ ਖੇਤੀ ਵਿਚ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ ਪਰ ਖੇਤੀ ਨੂੰ ਘਾਟੇ ਦਾ ਕਿੱਤਾ ਉਹੀ ਲੋਕ ਆਖਦੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਕਿਰਤ ਨਾਲੋਂ ਤੋੜ ਲਿਆ ਹੈ| ਉਹਨਾਂ ਕਿਹਾ ਕਿ ਬੀਤੇ ਦਿਨੀਂ ਆਏ ਹੜ੍ਹਾਂ ਦੌਰਾਨ ਪੰਜਾਬੀਆਂ ਨੇ ਇਕ ਦੂਸਰੇ ਦੀ ਮਦਦ ਕਰਨ ਦਾ ਬੇਮਿਸਾਲ ਕਾਰਜ ਨੇਪਰੇ ਚਾੜਿਆ| ਉਹਨਾਂ ਕਿਹਾ ਕਿ ਖੇਤੀ ਨੂੰ ਵਧੇਰੇ ਮੁਨਾਫ਼ੇਵੰਦ ਬਨਾਉਣ ਲਈ ਜਿੱਥੇ ਨਵੀਆਂ ਤਕਨੀਕਾਂ ਨਾਲ ਜੋੜਨ ਦੀ ਲੋੜ ਹੈ ਉਥੇ ਵਿਚੋਲੀਆਂ ਤੋਂ ਬਚਾ ਕੇ ਕਿਸਾਨ ਦੀ ਆਮਦਨ ਵਧਾਈ ਜਾ ਸਕਦੀ ਹੈ| ਸ਼੍ਰੀ ਕੰਗ ਨੇ ਕੁਦਰਤੀ ਸਰੋਤਾਂ ਨੂੰ ਪੰਜਾਬ ਵਾਸਤੇ ਨਿਆਮਤ ਆਖਦਿਆਂ ਇਸਦੀ ਸੰਭਾਲ ਲਈ ਪੀ.ਏ.ਯੂ. ਨਾਲ ਜੁੜਨ ਅਤੇ ਮਾਹਿਰਾਂ ਦੀਆਂ ਸਲਾਹਾਂ ਤੋਂ ਅਗਵਾਈ ਲੈਣ ਦਾ ਸੱਦਾ ਦਿੱਤਾ| ਅੰਤ ਵਿਚ ਉਹਨਾਂ ਨੇ ਨੌਜਵਾਨ ਪੀੜੀ ਨੂੰ ਕਿਹਾ ਕਿ ਉਹ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਖੇਤੀ ਨੂੰ ਆਪਣੇ ਭਵਿੱਖੀ ਕਿੱਤੇ ਵਜੋਂ ਵਿਚਾਰਨ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪਹਿਲੇ ਦਿਨ ਮੇਲੇ ਵਿਚ ਜੁੜੇ ਲੱਖਾਂ ਕਿਸਾਨਾਂ ਦੀ ਹਾਜ਼ਰੀ ਨੂੰ ਸ਼ੁਭ ਸੰਕੇਤ ਕਿਹਾ| ਉਹਨਾਂ ਕਿਹਾ ਕਿ ਹੜ੍ਹਾਂ ਦੀ ਤ੍ਰਾਸਦੀ ਭੋਗਣ ਦੇ ਬਾਵਜੂਦ ਪੰਜਾਬੀਆਂ ਦੀ ਚੜਦੀ ਕਲਾ ਅਤੇ ਮੁਸੀਬਤਾਂ ਨਾਲ ਟਕਰਾਉਣ ਦੀ ਆਦਤ ਬਰਕਰਾਰ ਹੈ| ਡਾ. ਗੋਸਲ ਨੇ ਆਉਂਦੀ ਹਾੜੀ ਦੀ ਫਸਲ ਲਈ ਪਹਿਲ ਦੇ ਅਧਾਰ ਤੇ ਬੀਜ ਮੁਹੱਈਆ ਕਰਵਾਉਣ ਦਾ ਯੂਨੀਵਰਸਿਟੀ ਦਾ ਪ੍ਰਣ ਦੁਹਰਾਇਆ ਅਤੇ ਕਿਹਾ ਕਿ ਪੀ.ਏ.ਯੂ. ਕਿਸਾਨੀ ਦੀ ਬਿਹਤਰੀ ਲਈ ਹਰ ਖੋਜ ਅਤੇ ਪਸਾਰ ਕਾਰਜ ਨੂੰ ਜਾਰੀ ਰੱਖੇਗਾ| ਉਹਨਾਂ ਸਵੈ ਮੰਡੀਕਰਨ ਨਾਲ ਜੁੜੇ ਕਿਸਾਨਾਂ ਅਤੇ ਸਵੈ ਸੇਵੀ ਸਮੂਹਾਂ ਦੀ ਮਿਸਾਲ ਦਿੰਦਿਆਂ ਕਿਸਾਨਾਂ ਨੂੰ ਬਿਨਾਂ ਕਿਸੇ ਸੰਕੋਚ ਜਾਂ ਸ਼ਰਮ ਤੋਂ ਆਪਣੀ ਜਿਣਸ ਦੀ ਵਿਕਰੀ ਕਰਨ ਲਈ ਪ੍ਰੇਰਿਤ ਕੀਤਾ| ਡਾ. ਗੋਸਲ ਨੇ ਕਿਹਾ ਕਿ ਐਗਰੋ ਪ੍ਰੋਸੈਸਿੰਗ ਕੇਂਦਰਾਂ ਦਾ ਮਾਡਲ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਉਦਯੋਗ ਅਤੇ ਉੱਦਮ ਨਾਲ ਜੋੜਨ ਲਈ ਵਿਕਸਿਤ ਕੀਤਾ ਹੈ| ਇਸ ਦਿਸ਼ਾ ਵਿਚ ਹੋਰ ਕਿਸਾਨਾਂ ਨੂੰ ਇਸ ਪੱਖ ਵੱਲ ਧਿਆਨ ਦੇਣ ਦੀ ਲੋੜ ਹੈ| ਡਾ. ਗੋਸਲ ਨੇ ਪੀ.ਏ.ਯੂ. ਦੇ ਲਗਾਤਾਰ ਤੀਸਰੇ ਸਾਲ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਬਣਨ ਪਿੱਛੇ ਕਿਸਾਨਾਂ ਦੀ ਊਰਜਾ ਅਤੇ ਮਿਹਨਤ ਨੂੰ ਜ਼ਿੰਮੇਦਾਰ ਕਿਹਾ| ਉਹਨਾਂ ਕਿਹਾ ਕਿ ਮੇਲੇ ਵਿਚ ਆਉਣ ਵਾਲੇ ਕਿਸਾਨਾਂ ਨੂੰ ਯੂਨੀਵਰਸਿਟੀ ਮਾਹਿਰਾਂ ਨਾਲ ਸਲਾਹ ਮਸ਼ਵਰੇ ਤੋਂ ਇਲਾਵਾ ਵਿਗਿਆਨਕ ਖੇਤੀ ਦੇ ਪ੍ਰਯੋਗਾਂ ਨੂੰ ਦੇਖਣਾ ਚਾਹੀਦਾ ਹੈ| ਡਾ. ਗੋਸਲ ਨੇ ਯੂਨੀਵਰਸਿਟੀ ਦੀਆਂ ਨਵੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਆਲੂਆਂ ਦੇ ਰੋਗ ਰਹਿਤ ਬੀਜ ਤਿਆਰ ਕਰਨ ਲਈ ਟਿਸ਼ੂ ਕਲਚਰ ਪ੍ਰਯੋਗਸ਼ਾਲਾ, ਕਣਕ ਦੀ ਬਿਜਾਈ ਲਈ ਸਰਫੇਸ ਸੀਡਰ ਅਤੇ ਕੰਬਾਈਨ ਨਾਲ ਜੋੜ ਕੇ ਬਣਾਈ ਨਵੀਂ ਮਸ਼ੀਨ ਦੀ ਸਿਫ਼ਾਰਸ਼ ਅਤੇ ਡਿਜ਼ੀਟਲ ਖੇਤੀਬਾੜੀ ਦੇ ਖੇਤਰ ਵਿਚ ਰਿਮੋਟ ਸੰਚਾਲਿਤ ਚਾਲਕ ਰਹਿਤ ਟਰੈਕਟਰ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ| ਉਹਨਾਂ ਨੇ ਕਿਸਾਨਾਂ ਨੂੰ ਸ਼ੋਸ਼ਲ ਮੀਡੀਆ ਨਾਲ ਜੁੜਨ ਅਤੇ ਖੇਤੀ ਵਿਚ ਵਿਗਿਆਨਕ ਰੁਚੀਆਂ ਉਪਜਾਉਣ ਦਾ ਸੱਦਾ ਦਿੱਤਾ|

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੇਤੀ ਖੋਜ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਵੱਲੋਂ ਹਾੜੀ ਦੀਆਂ ਫਸਲਾਂ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਮਸ਼ੀਨਰੀ ਸੰਬੰਧੀ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ| ਉਹਨਾਂ ਕਿਹਾ ਕਿ ਬੀਤੇ 63 ਸਾਲਾਂ ਵਿਚ ਯੂਨੀਵਰਸਿਟੀ ਨੇ 972 ਕਿਸਮਾਂ ਈਜਾਦ ਕੀਤੀਆਂ| ਇਸਦੇ ਸਿੱਟੇ ਵਜੋਂ ਫਸਲਾਂ ਦੀ ਪੈਦਾਵਾਰ ਵਿਚ ਰਿਕਾਰਡ ਤੌਰ ਵਾਧਾ ਦਰਜ ਕੀਤਾ ਗਿਆ|

ਖੋਜ ਅਤੇ ਮਿਹਨਤ ਦੇ ਸੁਮੇਲ ਦੀ ਗੱਲ ਕਰਦਿਆਂ ਡਾ. ਢੱਟ ਨੇ ਕਿਹਾ ਕਿ ਮਾਹਿਰਾਂ ਅਤੇ ਕਿਸਾਨਾਂ ਦਾ ਗਠਜੋੜ ਦੇਸ਼ ਦੁਨੀਆਂ ਲਈ ਮਿਸਾਲ ਸਾਬਿਤ ਹੋਇਆ ਹੈ| ਬੀਤੇ ਵਰ੍ਹੇ ਪੀ ਬੀ ਡਬਲਯੂ 826 ਵੱਲੋਂ ਉਤਪਾਦਨ ਦੇ ਨਵੇਂ ਮਿਆਰ ਕਾਇਮ ਕੀਤੇ ਗਏ ਸਨ| ਇਸ ਸਾਲ ਯੂਨੀਵਰਸਿਟੀ ਨੇ ਪੀ ਬੀ ਡਬਲਯੂ 872 ਕਿਸਮ ਸਿਫ਼ਾਰਸ਼ ਕੀਤੀ ਹੈ ਜੋ 24.4 ਕੁਇੰਟਲ ਪ੍ਰਤੀ ਏਕੜ ਝਾੜ ਨਾਲ ਉਸਤੋਂ ਵੀ ਅਗਲੇਰਾ ਕਦਮ ਹੈ| ਉਹਨਾਂ ਜੌਂਆਂ ਦੀ ਨਵੀਂ ਕਿਸਮ ਪੀ ਐੱਲ 944 ਦਾ ਜ਼ਿਕਰ ਕੀਤਾ ਜੋ ਬੀਅਰ ਉਦਯੋਗ ਲਈ ਢੁੱਕਵੀਂ ਹੈ| ਮੂੰਗੀ ਵਿਚ ਐੱਸ ਐੱਮ ਐੱਲ 2575 ਅਤੇ ਆਲੂਆਂ ਦੀਆਂ ਨਵੀਆਂ ਕਿਸਮਾਂ ਪੰਜਾਬ ਆਲੂ 103 ਅਤੇ 104 ਦਾ ਹਵਾਲਾ ਵੀ ਨਵੀਆਂ ਕਿਸਮਾਂ ਵਜੋਂ ਆਇਆ| ਨਾਲ ਹੀ ਡਾ. ਢੱਟ ਨੇ ਉਤਪਾਦਨ ਤਕਨੀਕਾਂ ਅਤੇ ਮਸ਼ੀਨਰੀ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਵੀ ਸਾਂਝੀਆਂ ਕੀਤੀਆਂ| ਅੰਤ ਵਿਚ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕਿਸਮਾਂ ਦੀ ਬਿਜਾਈ ਹੀ ਕੀਤੀ ਜਾਵੇ|

ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਭ ਲਈ ਸਵਾਗਤ ਦੇ ਸ਼ਬਦ ਭਾਵ ਪ੍ਰਗਟ ਕੀਤੇ| ਉਹਨਾਂ ਕਿਹਾ ਕਿ ਖੇਤੀ ਗਿਆਨ ਦੇ ਇਸ ਮਹਾਂਕੁੰਭ ਵਿਚ ਕਿਸਾਨਾਂ ਲਈ ਇਕ ਛੱਤ ਹੇਠ ਸਮੁੱਚਾ ਨਵੀਨ ਖੇਤੀ ਤੰਤਰ ਇਕੱਤਰ ਕੀਤਾ ਗਿਆ ਹੈ|
ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ| ਕਿਸਾਨਾਂ ਲਈ ਸੱਭਿਆਚਾਰਕ ਗਾਇਕੀ ਦੀਆਂ ਕਈ ਵੰਨਗੀਆਂ ਪੇਸ਼ ਕੀਤੀਆਂ ਗਈਆਂ|
ਅੰਤ ਤੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਸਭ ਦਾ ਧੰਨਵਾਦ ਕੀਤਾ|

Technology Marketing
and IPR Cell

Total visitors 6043453

 
© Punjab Agricultural University Disclaimer | Privacy Policy | Contact Us