ਪੀ.ਏ.ਯੂ. ਦੇ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਚ ਅੱਜ ਹਾੜੀ ਦੀਆਂ ਫਸਲਾਂ ਲਈ ਲਾਇਆ ਜਾਣ ਵਾਲਾ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋ ਗਿਆ| ਖੇਤੀ ਉਤਪਾਦਨ ਨੂੰ ਕਾਰੋਬਾਰੀ ਦਿਸ਼ਾ ਵਿਚ ਤੋਰਨ ਦੇ ਉਦੇਸ਼ ਨਾਲ ਇਸ ਮੇਲੇ ਦਾ ਥੀਮ ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏ ਰੱਖਿਆ ਗਿਆ ਹੈ| ਮੇਲੇ ਵਿਚ ਕਿਸਾਨਾਂ ਦਾ ਭਾਰੀ ਇਕੱਠ ਜੁੜਿਆ| ਕਿਸਾਨਾਂ ਨੇ ਨਵੀਆਂ ਕਿਸਮਾਂ ਦੇ ਬੀਜ, ਫਲਦਾਰ ਬੂਟੇ, ਸਬਜ਼ੀਆਂ ਦੀਆਂ ਕਿੱਟਾਂ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਉਤਸ਼ਾਹ ਦਿਖਾਇਆ| ਮੰਚ ਤੇ ਚਲੰਤ ਖੇਤੀ ਮਸਲਿਆਂ ਬਾਰੇ ਅਨੇਕ ਸਵਾਲ ਕਿਸਾਨਾਂ ਵੱਲੋਂ ਪੁੱਛੇ ਗਏ ਸਨ, ਜਿਨ੍ਹਾਂ ਦਾ ਜਵਾਬ ਪੀ.ਏ.ਯੂ. ਦੇ ਮਾਹਿਰਾਂ ਨੇ ਵਿਸਥਾਰ ਨਾਲ ਦਿੱਤਾ|
ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ਼੍ਰੀ ਹਰਚੰਦ ਸਿੰਘ ਬਰਸਟ ਸਨ| ਸੈਸ਼ਨ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਖੇਤੀ ਅਰਥ ਸ਼ਾਸਤਰੀ ਅਤੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਅਤੇ ਪਨਸੀਡ ਦੇ ਚੇਅਰਮੈਨ ਸ. ਮਹਿੰਦਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ| ਉਹਨਾਂ ਨਾਲ ਅਟਾਰੀ ਦੇ ਨਿਰਦੇਸ਼ਕ ਡਾ. ਪਰਮਿੰਦਰ ਸ਼ਿਰੋਨ ਅਤੇ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਨ ਡਾ. ਦਵਿੰਦਰ ਸਿੰਘ ਚੀਮਾ, ਸ਼੍ਰੀ ਅਮਰਜੀਤ ਸਿੰਘ ਢਿੱਲੋਂ ਅਤੇ ਡਾ. ਅਸ਼ੋਕ ਕੁਮਾਰ ਵੀ ਮੰਚ ਦੇ ਮੌਜੂਦ ਰਹੇ|
ਸ਼੍ਰੀ ਹਰਚੰਦ ਸਿੰਘ ਬਰਸਟ ਨੇ ਆਪਣੇ ਮੁੱਖ ਭਾਸ਼ਣ ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਤੇ ਦਿਨੀਂ ਆਏ ਹੜ੍ਹਾਂ ਦੇ ਬਾਵਜੂਦ ਐਨੀ ਭਾਰੀ ਗਿਣਤੀ ਵਿਚ ਮੇਲੇ ਦਾ ਹਿੱਸਾ ਬਣਨ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਮੁੜ ਉਸਾਰੀ ਪੰਜਾਬੀਆਂ ਦੀ ਖਸਲਤ ਹੈ ਅਤੇ ਪੰਜਾਬੀ ਹਰ ਸੰਕਟ ਤੋਂ ਬਾਅਦ ਦੂਣ ਸਵਾਏ ਹੋ ਕੇ ਇਕ ਦੂਜੇ ਨਾਲ ਖੜਦੇ ਰਹੇ ਹਨ| ਸ਼੍ਰੀ ਬਰਸਟ ਨੇ ਮੌਜੂਦਾ ਖੇਤੀ ਯੁੱਗ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਨਵੀਂ ਤਕਨੀਕ ਅਤੇ ਨਵੀਆਂ ਖੋਜਾਂ ਨੂੰ ਲਾਗੂ ਕਰਨ ਦਾ ਦੌਰ ਹੈ| ਪੀ.ਏ.ਯੂ. ਨੇ ਇਤਿਹਾਸਕ ਤੌਰ ਤੇ ਬੜੀ ਅਹਿਮ ਭੂਮਿਕਾ ਨਿਭਾਈ ਹੈ ਅਤੇ ਮੌਜੂਦਾ ਖੇਤੀ ਚੁਣੌਤੀਆਂ ਦੇ ਸਾਹਮਣੇ ਕਿਸਾਨੀ ਸਮਾਜ ਦੀ ਅਗਵਾਈ ਦੀ ਜ਼ਿੰਮੇਵਾਰੀ ਵੀ ਪੀ.ਏ.ਯੂ. ਕੋਲ ਹੈ| ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਨਾ ਸਿਫਰ ਨਵੀਆਂ ਖੋਜਾਂ ਅਤੇ ਉਤਪਾਦਨ ਤਕਨਾਲੋਜੀਆਂ ਈਜਾਦ ਕੀਤੀਆਂ ਬਲਕਿ ਉਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਅਣਥੱਕ ਪਸਾਰ ਕਾਰਜ ਵੀ ਕੀਤਾ| ਸ਼੍ਰੀ ਬਰਸਟ ਨੇ ਕਿਹਾ ਕਿ ਇਸੇ ਦੇ ਨਤੀਜੇ ਵਜੋਂ ਪੰਜਾਬ ਖੇਤੀ ਉਤਪਾਦਨ ਪੱਖੋਂ ਦੁਨੀਆਂ ਦੀ ਸਭ ਤੋਂ ਭਰਪੂਰ ਧਰਤੀ ਹੈ| ਉਹਨਾਂ ਬੀਤੇ ਦਿਨੀਂ ਆਏ ਹੜ੍ਹਾਂ ਨਾਲ ਹੋਈ ਬਰਬਾਦੀ ਨੂੰ ਮੰਦਭਾਗਾ ਕਹਿੰਦਿਆਂ ਮੁੜ ਵਸੇਬੇ ਦੀ ਚੁਣੌਤੀ ਬਾਰੇ ਗੱਲ ਕੀਤੀ| ਸ਼੍ਰੀ ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਲਿਹਾਜ਼ ਨਾਲ ਪੀ.ਏ.ਯੂ. ਦੇ ਸਹਿਯੋਗ ਲਈ ਤਿਆਰ ਹੈ ਅਤੇ ਖੇਤੀ ਖੋਜ ਦੇ ਖੇਤਰ ਵਿਚ ਨਿਰਵਿਘਨ ਕਾਰਜ ਲਈ ਹਰ ਸੰਭਵ ਸਹਿਯੋਗ ਜਾਰੀ ਰੱਖਿਆ ਜਾਵੇਗਾ| ਸ਼੍ਰੀ ਬਰਸਟ ਨੇ ਖੇਤੀ ਵਿਚ ਆਤਮ ਨਿਰਭਰਤਾ ਵਧਾਉਣ ਅਤੇ ਖਰਚੇ ਘਟਾਉਣ ਦੇ ਮੰਤਵ ਨਾਲ ਫ਼ਲਾਂ ਅਤੇ ਸਬਜ਼ੀਆਂ ਦੀ ਰਸੋਈ ਬਗੀਚੀ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ| ਉਹਨਾਂ ਕਿਹਾ ਕਿ ਸਹਾਇਕ ਧੰਦੇ ਅੱਜ ਦੀ ਖੇਤੀ ਵਿਚ ਮੁਨਾਫੇ ਦਾ ਰਸਤਾ ਹਨ ਅਤੇ ਪੀ.ਏ.ਯੂ. ਮਾਹਿਰਾਂ ਦੇ ਸੁਝਾਅ ਅਨੁਸਾਰ ਕਿਸਾਨਾਂ ਨੂੰ ਆਪਣੇ ਕਾਰ-ਵਿਹਾਰ ਸੌਂਪਣੇ ਚਾਹੀਦੇ ਹਨ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਪੀ.ਏ.ਯੂ. ਨੇ ਪਿਛਲੇ 63 ਸਾਲਾਂ ਵਿਚ ਹਰੀ ਕ੍ਰਾਂਤੀ ਰਾਹੀਂ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਹੀ ਨਹੀਂ ਬਣਾਇਆ ਬਲਕਿ ਇਸਨੇ ਉੱਤਰੀ ਭਾਰਤ ਨੂੰ 7 ਹੋਰ ਯੂਨੀਵਰਸਿਟੀਆਂ ਦਿੱਤੀਆਂ| ਬੀਤੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਤੋਂ ਬਾਅਦ ਹੋਏ ਨੁਕਸਾਨ ਦਾ ਹਵਾਲਾ ਦਿੰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਸੱਤ ਜ਼ਿਲ੍ਹਿਆਂ ਦੇ ਕਰੀਬਨ 5 ਲੱਖ ਏਕੜ ਰਕਬੇ ਵਿਚ ਖੜੀ ਫਸਲ ਦਾ ਨੁਕਸਾਨ ਹੋਇਆ ਹੈ| ਇਹੀ ਨਹੀਂ ਉਸ ਫਸਲ ਨੂੰ ਨਜਿੱਠਣ ਅਤੇ ਜ਼ਮੀਨ ਵਿਚ ਵਹਿ ਕੇ ਆਈ ਰੇਤ, ਗਾਰ ਅਤੇ ਚੀਕਣੀ ਮਿੱਟੀ ਦੀ ਪਰਖ ਦਾ ਮੁੱਦਾ ਵੀ ਅਹਿਮ ਹੈ| ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਇਸ ਸੰਬੰਧ ਵਿਚ ਲਗਾਤਾਰ ਪ੍ਰੀਖਣ ਕਰ ਰਹੀ ਹੈ ਅਤੇ ਜਲਦ ਹੀ ਕਿਸਾਨਾਂ ਨੂੰ ਇਸ ਸੰਬੰਧੀ ਢੁੱਕਵੀਆਂ ਸਿਫ਼ਾਰਸ਼ਾਂ ਕੀਤੀਆਂ ਜਾਣਗੀਆਂ| ਉਹਨਾਂ ਕਿਹਾ ਕਿ ਹਾੜੀ ਦੀਆਂ ਫਸਲਾਂ ਲਈ ਬੀਜ ਦਾ ਪ੍ਰਬੰਧ ਕਰਨ ਵਾਸਤੇ ਵੀ ਪੀ.ਏ.ਯੂ. ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ|
ਕਿਸਾਨ ਮੇਲਿਆਂ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਇਹ ਮੇਲੇ ਸਿਰਫ ਪੰਜਾਬ ਦੀ ਹੀ ਨਹੀਂ ਬਲਕਿ ਉੱਤਰੀ ਭਾਰਤ ਦੀ ਖੇਤੀ ਅਤੇ ਕਿਸਾਨੀ ਲਈ ਰਾਹ ਦਿਸੇਰੇ ਸਾਬਿਤ ਹੁੰਦੇ ਹਨ| ਕਿਸਾਨ ਯੂਨੀਵਰਸਿਟੀ ਉੱਪਰ ਭਰੋਸਾ ਪ੍ਰਗਟਾ ਕੇ ਇੱਥੋਂ ਬੀਜ, ਪੌਦੇ, ਖੇਤੀ ਸਾਹਿਤ ਖ੍ਰੀਦਣ ਆਉਂਦੇ ਹਨ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਭਰੇ-ਭਕੁੰਨੇ ਵਾਪਸ ਪਰਤਦੇ ਹਨ| ਡਾ. ਗੋਸਲ ਨੇ ਕਿਹਾ ਕਿ ਖੇਤੀ ਨੂੰ ਉਤਪਾਦਨ ਦੇ ਨਾਲ-ਨਾਲ ਕਾਰੋਬਾਰੀ ਲੀਹਾਂ ਤੇ ਤੋਰਨ ਲਈ ਪੀ.ਏ.ਯੂ. ਪ੍ਰੋਸੈਸਿੰਗ, ਮੁੱਲਵਾਧੇ ਅਤੇ ਮੰਡੀਕਰਨ ਸੰਬੰਧੀ ਵਿਸ਼ਵ ਪੱਧਰੀ ਧਾਰਨਾਵਾਂ ਦਾ ਅਧਿਐਨ ਕਰ ਰਹੀ ਹੈ| ਉਹਨਾਂ ਨੇ ਖਾਦਾਂ ਦਾ ਖਰਚ ਘਟਾਉਣ ਲਈ ਹਰੀ ਖਾਦ ਉੱਪਰ ਜ਼ੋਰ ਦਿੰਦਿਆਂ ਪੀ.ਏ.ਯੂ. ਵੱਲੋਂ ਜੀਵਾਣੂੰ ਖਾਦਾਂ, ਸੌਰ ਊਰਜਾ, ਤੁਪਕਾ ਸਿੰਚਾਈ ਅਤੇ ਪਰਾਲੀ ਦੀ ਸੰਭਾਲ ਲਈ ਕੰਬਾਈਨ ਨਾਲ ਜੋੜੀ ਡਰਿੱਲ ਤਕਨਾਲੋਜੀ ਦਾ ਵਰਣਨ ਕੀਤਾ| ਨਾਲ ਹੀ ਉਹਨਾਂ ਨੇ ਡਿਜ਼ੀਟਲ ਖੇਤੀਬਾੜੀ ਅਤੇ ਸੈਂਸਰ ਅਧਾਰਿਤ ਖੇਤੀ ਕਾਰਜਾਂ ਉੱਪਰ ਜ਼ੋਰ ਦਿੰਦਿਆਂ ਸਵੈ ਸੰਚਾਲਿਤ ਟਰੈਕਟਰ ਬਾਰੇ ਗੱਲ ਕੀਤੀ| ਵਾਈਸ ਚਾਂਸਲਰ ਨੇ ਪੰਜਾਬ ਦੇ ਰੰਗਲੇ ਭਵਿੱਖ ਲਈ ਆਉਂਦੀਆਂ ਪੀੜੀਆਂ ਨੂੰ ਖੇਤੀ ਨਾਲ ਜੋੜਨ ਦਾ ਸੁਨੇਹਾ ਦੇ ਕੇ ਆਪਣਾ ਭਾਸ਼ਣ ਸਮਾਪਤ ਕੀਤਾ|
ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਪੂਰੀ ਦੁਨੀਆਂ ਖੇਤੀ ਖੇਤਰ ਵਿਚ ਵਿਕਾਸ ਅਤੇ ਪ੍ਰਾਪਤੀਆਂ ਲਈ ਪੀ.ਏ.ਯੂ. ਵੱਲ ਦੇਖਦੀ ਹੈ| ਉਹਨਾਂ ਕਿਹਾ ਕਿ ਖੇਤੀ ਉਤਪਾਦਨ ਵਧਣ ਨਾਲ ਕੁਦਰਤੀ ਸਰੋਤਾਂ ਉੱਪਰ ਜੋ ਦਬਾਅ ਪਿਆ ਉਸਦਾ ਹੱਲ ਵੀ ਪੀ.ਏ.ਯੂ. ਦੀ ਅਗਵਾਈ ਵਿਚ ਹੀ ਤਲਾਸ਼ਿਆ ਜਾਵੇਗਾ| ਪੰਜਾਬ ਦੀ ਨਵੀਂ ਖੇਤੀ ਨੀਤੀ ਬਾਰੇ ਗੱਲ ਕਰਦਿਆਂ ਡਾ. ਸੁਖਪਾਲ ਸਿੰਘ ਨੇ ਮੰਡੀਕਰਨ ਵਾਸਤੇ ਸੁਚਾਰੂ ਯੋਜਨਾਵਾਂ ਦੀ ਲੋੜ ਉੱਪਰ ਜ਼ੋਰ ਦਿੱਤਾ ਅਤੇ ਕਿਹਾ ਕਿ ਬਿਹਤਰ ਸਹਿਕਾਰਤਾ ਪ੍ਰਬੰਧ ਹੀ ਇਸਦਾ ਢੁੱਕਵਾਂ ਸਹਿਯੋਗ ਕਰ ਸਕਦੀ ਹੈ| ਉਹਨਾਂ ਨੇ ਖੇਤੀ ਨੂੰ ਮੁਨਾਫ਼ੇਯੋਗ ਬਨਾਉਣ ਦੇ ਸੁਝਾਅ ਵੀ ਦਿੱਤੇ|
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਹਾੜੀ ਦੀਆਂ ਫ਼ਸਲਾਂ ਲਈ ਖੋਜ ਗਤੀਵਿਧੀਆਂ ਸਾਂਝੀਆਂ ਕੀਤੀਆਂ| ਉਹਨਾਂ ਕਿਹਾ ਕਿ ਖੇਤੀ ਖੋਜ ਵਿਚ ਨਵੀਆਂ ਕਿਸਮਾਂ ਦਾ ਵਿਕਾਸ, ਕਾਸ਼ਤ ਤਕਨੀਕਾਂ, ਰੋਗਾਂ-ਕੀੜਿਆਂ ਦੀ ਰੋਕਥਾਮ ਅਤੇ ਮੰਡੀਕਰਨ ਤੋਂ ਇਲਾਵਾ ਉਤਪਾਦ ਨਿਰਮਾਣ ਬਾਰੇ ਨਵੀਨ ਲੱਭਤਾਂ ਨੂੰ ਅਧਾਰ ਬਣਾਇਆ ਜਾ ਰਿਹਾ ਹੈ| ਡਾ. ਢੱਟ ਨੇ ਦੱਸਿਆ ਕਿ ਪੀ ਏ ਯੂ ਨੇ ਕਿਸਾਨੀ ਦੀ ਬਿਹਤਰੀ ਲਈ ਹੁਣ ਤਕ 972 ਫਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ| ਡਾ. ਅਜਮੇਰ ਸਿੰਘ ਢੱਟ ਨੇ ਆਉਂਦੇ ਹਾੜੀ ਸੀਜ਼ਨ ਦੌਰਾਨ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ | ਉਹਨਾਂ ਨੇ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਕਣਕ ਦੀ ਕਿਸਮ ਪੀ ਬੀ ਡਬਲਯੂ 872 ਦਾ ਵਿਸ਼ੇਸ਼ ਜ਼ਿਕਰ ਕੀਤਾ| ਇਹ ਕਿਸਮ 24.4 ਕੁਇੰਟਲ/ਪ੍ਰਤੀ ਏਕੜ ਝਾੜ ਦੀ ਸਮਰੱਥਾ ਵਾਲੀ ਅਤੇ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਹੈ| ਬੀਅਰ ਉਦਯੋਗ ਵਾਸਤੇ ਜੌਂਆਂ ਦੀ ਨਵੀਂ ਕਿਸਮ ਪੀ ਐੱਲ 942 ਅਤੇ ਗਰਮ ਰੁੱਤ ਦੀ ਮੂੰਗੀ ਦੀ ਕਿਸਮ ਐੱਸ ਐੱਮ ਐੱਲ 2575 ਨੂੰ ਵੀ ਨਵੀਆਂ ਸਿਫਾਰਸ਼ੀ ਕਿਸਮਾਂ ਵਜੋਂ ਪੇਸ਼ ਕੀਤਾ ਗਿਆ|
ਉਤਪਾਦਨ ਤਕਨੀਕਾਂ ਵਿਚ ਡਾ. ਢੱਟ ਨੇ ਦਰਮਿਆਨੀਆਂ ਜ਼ਮੀਨਾਂ ਵਿਚ ਪੀ ਬੀ ਡਬਲਊ ਚਪਾਤੀ 1 ਕਿਸਮ ਨੂੰ ਡਿੱਗਣ ਤੋਂ ਬਚਾਉਣ ਲਈ 25 ਫੀਸਦੀ ਘੱਟ ਯੂਰੀਆ ਦੀ ਵਰਤੋਂ ਕਰਨ ਦੀ ਤਜਵੀਜ ਦਿੱਤੀ| ਇਸ ਤੋਂ ਇਲਾਵਾ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਅਤੇ ਮੱਕੀ ਦੀ ਟਾਂਡਿਆਂ ਦੀ ਸੁਪਰ ਸੀਡਰ ਨਾਲ ਵਹਾਈ ਦੇ ਕਣਕ ਦੇ ਝਾੜ ਉੱਪਰ ਪੈਣ ਵਾਲੇ ਪ੍ਰਭਾਵ ਨੂੰ ਵੀ ਸਾਮ੍ਹਣੇ ਰੱਖਿਆ ਗਿਆ| ਰਾਈ ਘਾਹ ਦੇ ਚੰਗੇ ਚਾਰੇ ਲਈ ਬੀਜ ਦੀ ਸਹੀ ਮਾਤਰਾ ਵੀ ਉਤਪਾਦਨ ਤਕਨੀਕਾਂ ਵਿਚ ਸ਼ਾਮਿਲ ਸੀ| ਇਸਦੇ ਨਾਲ ਹੀ ਪੌਦ ਸੁਰੱਖਿਆ ਤਕਨੀਕਾਂ, ਖੇਤੀ ਮਸ਼ੀਨਰੀ ਬਾਰੇ ਸਿਫਾਰਿਸ਼ਾਂ ਅਤੇ ਛੋਲਿਆਂ ਦੀ ਸੁੰਡੀ ਦੀ ਰੋਕਥਾਮ ਲਈ ਜੈਵਿਕ ਸਰਵਪੱਖੀ ਕੀਟ ਪ੍ਰਬੰਧ ਆਦਿ ਬਾਰੇ ਵੀ ਨਿਰਦੇਸਕ ਖੋਜ ਨੇ ਵਿਸਥਾਰ ਨਾਲ ਦੱਸਿਆ| ਨਿਰਦੇਸਕ ਖੋਜ ਨੇ ਕਿਸਾਨਾਂ ਨੂੰ ਹਦਾਇਤ ਕੀਤੀ ਕਿ ਉਹ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ ਕੀਤੀਆਂ ਕਣਕ ਦੀਆਂ ਕਿਸਮਾਂ ਦੀ ਬਿਜਾਈ ਨੂੰ ਹੀ ਤਰਜੀਹ ਦੇਣ| ਉਨ੍ਹਾਂ ਨੇ ਹੜ੍ਹ ਪੀੜਤ ਖੇਤਰਾਂ ਲਈ ਯੂਨੀਵਰਸਿਟੀ ਵਲੋਂ ਹਰ ਸੰਭਵ ਸਹਾਇਤਾ ਦਾ ਪ੍ਰਣ ਵੀ ਦੁਹਰਾਇਆ ਅਤੇ ਪੰਜਾਬੀ ਕਿਸਾਨੀ ਦੀ ਚੜ੍ਹਦੀ ਕਲਾ ਲਈ ਕਾਮਨਾ ਪ੍ਰਗਟਾਈ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਵਾਗਤ ਦੇ ਸ਼ਬਦ ਕਹੇ| ਇਸ ਦੌਰਾਨ ਉਹਨਾਂ ਨੇ ਕੌਮਾਂਤਰੀ ਰੈਂਕਿੰਗ ਵਿਚ ਯੂਨੀਵਰਸਿਟੀ ਦੇ ਪਹਿਲੀਆਂ 100 ਖੇਤੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋਣ ਅਤੇ ਐੱਨ ਆਈ ਆਰ ਐੱਫ ਦੀ ਰੈਂਕਿੰਗ ਵਿਚ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣਨ ਦਾ ਸਿਹਰਾ ਕਿਸਾਨਾਂ ਦੇ ਸਹਿਯੋਗ ਨੂੰ ਦਿੱਤਾ|
ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ| ਡਾ. ਰਿਆੜ ਨੇ ਖੇਤੀ ਸਾਹਿਤ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਨਵੇਂ ਸ਼ੋਸ਼ਲ ਮੀਡੀਆ ਮਾਧਿਅਮਾਂ ਰਾਹੀਂ ਪੀ.ਏ.ਯੂ. ਨਾਲ ਜੁੜਨ ਦਾ ਸੱਦਾ ਦਿੱਤਾ| ਇਸ ਮੌਕੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ| ਇਹਨਾਂ ਵਿਚ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਸ਼੍ਰੀਮਤੀ ਗੁਰਪ੍ਰੀਤ ਕੌਰ ਪਿੰਡ ਕਲਿਆਣ ਜ਼ਿਲ੍ਹਾ ਨਾਭਾ, ਪ੍ਰਵਾਸੀ ਭਾਰਤੀ ਪੁਰਸਕਾਰ ਸ. ਮਨਪ੍ਰੀਤ ਸਿੰਘ ਪਿੰਡ ਫਤਿਹਗੜ, ਜ਼ਿਲ੍ਹਾ ਹੁਸ਼ਿਆਰਪੁਰ, ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਸ. ਚਾਨਣ ਸਿੰਘ ਪਿੰਡ ਪੱਟੀ ਜ਼ਿਲ੍ਹਾ ਤਰਤਾਰਨ, ਸ. ਦਲੀਪ ਸਿੰਘ ਧਾਲੀਵਾਲ ਪੁਰਸਕਾਰ ਸ. ਸੁਖਤਾਰ ਸਿੰਘ ਪਿੰਡ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਅਤੇ ਸ. ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਸ਼੍ਰੀ ਸੰਜੀਵ ਕੁਮਾਰ ਕਹੋਲ ਪਿੰਡ ਮਹਿਲਾਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪ੍ਰਦਾਨ ਕੀਤੇ ਗਏ| ਇਸ ਮੌਕੇ ਚੋਣਵਾਂ ਖੇਤੀ ਸਾਹਿਤ ਵੀ ਜਾਰੀ ਕੀਤਾ ਗਿਆ|
ਅੰਤ ਵਿਚ ਧੰਨਵਾਦ ਦੇ ਸ਼ਬਦ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਕਹੇ| ਇਸ ਮੇਲੇ ਵਿਚ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਲਾਈਆਂ ਪ੍ਰਦਰਸ਼ਨੀਆਂ ਤੋਂ ਇਲਾਵਾ ਨਿੱਜੀ ਕੰਪਨੀਆਂ ਅਤੇ ਉਦਯੋਗਿਕ ਇਕਾਈਆਂ ਨੇ ਆਪਣੀਆਂ ਸਟਾਲਾਂ ਰਾਹੀਂ ਹਾਜ਼ਰ ਕਿਸਾਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ| |