ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤੀ ਖੇਤੀ ਖੋਜ ਸੰਸਥਾ- -ਅਟਾਰੀ, ਜੋਨ-1, ਲੁਧਿਆਣਾ ਦੇ ਅਧੀਨ ਕਾਰਜਸ਼ੀਲ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ, ਮਿਤੀ 18.09.2025 ਤੋਂ 25.09.2025 ਤੱਕ ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਸਬੰਧੀ 5 ਦਿਨਾਂ ਕਿੱਤਾ-ਮੁਖੀ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ।
ਇਸ ਕੋਰਸ ਵਿਚ ਇਲਾਕੇ ਦੇ 22 ਕਿਸਾਨ ਅਤੇ ਕਿਸਾਨ ਬੀਬੀਆ ਨੇ ਭਾਗ ਲਿਆ। ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ), ਡਾ. ਹਰਦੀਪ ਸਿੰਘ ਸਭਿਖੀ ਨੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਿਖਿਆਰਥੀਆਂ ਨੂੰ ਕੇ.ਵੀ.ਕੇ. ਦੁਆਰਾ ਕਿਸਾਨ ਭਾਈਚਾਰੇ ਦੀ ਬਿਹਤਰੀ ਲਈ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਲਈ ਸਹਾਇਕ ਕਿੱਤਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ ਸਭਿਖੀ ਨੇ ਦੱਸਿਆ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਅਤੇ ਮਨੁੱਖੀ ਸਿਹਤ ਅਤੇ ਵਾਤਾਵਰਣ ਦੀ ਬਿਹਤਰੀ ਲਈ ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਸਹਾਇਕ ਕਿੱਤੇ ਵਜੋਂ ਸ਼ੁਰੂ ਕੀਤੀ ਜਾ ਸਕਦੀ ਹੈ।
ਇਸ ਸਿਖਲਾਈ ਪ੍ਰੋਗਰਾਮ ਦਾ ਸੰਚਾਲਣ ਕਰਦਿਆਂ ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਸਿਖਿਆਰਥੀਆਂ ਨੂੰ ਜੈਵਿਕ ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਜੈਵਿਕ ਖਾਦਾਂ, ਜਿਵਾਣੂੰ ਖਾਦਾਂ ਅਤੇ ਹੋਰ ਉਤਪਾਦਾਂ ਦੇ ਨਾਲ- ਨਾਲ ਜੈਵਿਕ ਢੰਗਾਂ ਨਾਲ ਨਦੀਨ, ਕੀਟ ਅਤੇ ਬੀਮਾਰੀ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜੈਵਿਕ ਖੇਤੀ ਤੋਂ ਇਲਾਵਾ ਸੰਗਠਿਤ ਖੇਤੀ ਪ੍ਰਣਾਲੀ ਦੇ ਮਾਡਲ, ਕੁਦਰਤੀ ਖੇਤੀ ਅਤੇ ਕੁਦਰਤੀ ਖੇਤੀ ਵਿਚ ਵਰਤੇ ਜਾਣ ਵਾਲੇ ਪਦਾਰਥਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਗੰਡੋਆ ਖਾਦ ਦੇ ਉਤਪਾਦਨ ਦੇ ਢੰਗ ਅਤੇ ਉਤਪਾਦਨ ਵੇਲੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਫੂਡ ਪ੍ਰੋਸੈਸਿੰਗ ਖਾਸਕਰ ਗੰਨੇ ਦੀ ਆੱਰਗੈਨਿਕ ਢੰਗ ਨਾਲ ਗੁੜ ਅਤੇ ਸ਼ੱਕਰ ਬਣਾਉਣ ਦੀ ਵਿੱਧੀ ਸਾਂਝੀ ਕੀਤੀ। ਡਾ. ਰੁਕਿੰਦਰਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ), ਕੇ.ਵੀ.ਕੇ., ਸੰਗਰੂਰ ਵੱਲੋਂ ਸਿਖਿਆਰਥੀਆਂ ਨੂੰ ਜੈਵਿਕ ਖੇਤੀ ਵਿਚ ਫ਼ਸਲੀ ਚੱਕਰ ਅਤੇ ਅੰਤਰ ਫ਼ਸਲਾਂ ਦੇ ਮੱਹਤਵ ਬਾਰੇ ਜਾਣੂੰ ਕਰਵਾਇਆ। ਡਾ. ਗੁਰਅੰਸ਼ਪ੍ਰੀਤ ਸਿੰਘ ਸੇਠੀ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ., ਫਤਿਹਗੜ੍ਹ ਸਾਹਿਬ ਨੇ ਜੈਵਿਕ ਖੇਤੀ ਵਿਚ ਪਸ਼ੂ ਪਾਲਣ ਦੇ ਮਹੱਤਵ ਅਤੇ ਆਰਗੈਨਿਕ ਢੰਗਾਂ ਨਾਲ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਬੀਮਾਰੀ ਪ੍ਰਬੰਧਨ ਬਾਰੇ ਚਾਨਣਾ ਪਾਇਆ। ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾਨ (SBI-RSETI) ਤੋਂ ਆਏ ਡਾਇਰੈਕਟਰ ਸ੍ਰੀ ਭਗਵਾਨ ਸਿੰਘ ਵਰਮਾ ਅਤੇ ਕੋਆਰਡੀਨੇਟਰ ਸ੍ਰੀ ਹਰਦੀਪ ਸਿੰਘ ਰਾਏ ਨੇ ਸਿਖਿਆਰਥੀਆਂ ਨੂੰ ਸਵੈ-ਰੁਜ਼ਗਾਰ ਦੇ ਮਹੱਤਵ ਬਾਰੇ ਦੱਸਦਿਆਂ ਸਵੈ-ਰੁਜ਼ਗਾਰ ਦੀ ਸਥਾਪਨਾ ਲਈ ਸੰਸਥਾ ਵੱਲੋਂ ਦਿੱਤੀ ਜਾਦੀ ਆਰਥਿਕ ਸਹਾਇਤਾ ਬਾਰੇ ਦੱਸਿਆ। ਜ਼ਿਲਾ ਪਟਿਆਲਾ ਦੇ ਨਾਮਵਰ ਅਤੇ ਸਫ਼ਲ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਸ੍ਰੀ ਨਰਿੰਦਰ ਸਿੰਘ ਟਿਵਾਣਾ ਨੇ ਸਿਖਿਆਰਥੀਆਂ ਨੂੰ ਆਰਗੈਨਿਕ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਸਿਖਲਾਈ ਪ੍ਰੋਗਰਾਮ ਦੇ ਆਖਰੀ ਦਿਨ ਇਨਾਮ ਜੇਤੂ ਅਤੇ ਅਗਾਂਹਵਧੂ ਕਿਸਾਨ ਅਤੇ ਗੰਡੋਆ ਖਾਦ ਦੇ ਸਫਲ ਉਤਪਾਦਕ ਸ੍ਰੀ ਗੁਰਪ੍ਰੀਤ ਸਿੰਘ ਦੇ ਪਿੰਡ ਹਰਦਾਸਪੁਰ ਵਿਖੇ ਸਥਿਤ ਗੰਡੋਆ ਖਾਦ ਦੇ ਫਾਰਮ ਦਾ ਦੌਰਾ ਵੀ ਕੀਤਾ, ਜਿਸ ਦੌਰਾਨ ਉਨ੍ਹਾਂ ਵਪਾਰਕ ਪੱਧਰ ਤੇ ਗੰਡੋਆ ਖਾਦ ਦੇ ਉਤਪਾਦਨ ਦਾ ਆਪਣਾ ਸਫ਼ਰ ਅਤੇ ਤਜ਼ਰਬੇ ਸਾਂਝੇ ਕੀਤੇ। ਕੋਰਸ ਦੀ ਸਮਾਪਤੀ ਦੌਰਾਨ ਡਿਪਟੀ ਡਾਇਰੈਟਰ (ਸਿਖਲਾਈ), ਕੇ.ਵੀ.ਕੇ., ਪਟਿਆਲਾ ਨੇ ਸਾਰੇ ਸਿਖਿਆਰਥੀਆਂ ਨੂੰ ਕੋਰਸ ਪੂਰਾ ਕਰਨ ਲਈ ਵਧਾਈ ਦਿੱਤੀ ਅਤੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ। |