ਬੀਤੇ ਦਿਨੀਂ ਪਿੰਡ ਕਨੇਚ ਵਿਖੇ ਰਾਵੇ ਪ੍ਰੋਗਰਾਮ ਤਹਿਤ ਇਕ ਵਿਸ਼ੇਸ਼ ਪ੍ਰੋਗਰਾਮ ਪਸਾਰ ਸਿੱਖਿਆ ਵਿਭਾਗ ਵੱਲੋਂ ਕਰਵਾਇਆ ਗਿਆ| ਇਸ ਵਿਚ ਪਰਾਲੀ ਦੀ ਸੰਭਾਲ ਅਤੇ ਕਣਕ ਦੀਆਂ ਨਵੀਆਂ ਕਿਸਮਾਂ ਸੰਬੰਧੀ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ| ਪੀ ਬੀ ਡਬਲਯੂ 827 ਦੇ ਗੁਣਾਂ ਅਤੇ ਕਾਸ਼ਤ ਵਿਧੀਆਂ ਬਾਰੇ ਦੱਸਣ ਦੇ ਨਾਲ-ਨਾਲ ਕਿਸਾਨਾਂ ਨੂੰ ਇਹ ਜਾਗਰੂਕਤਾ ਵੀ ਦਿੱਤੀ ਗਈ ਕਿ ਇਸ ਕਿਸਮ ਦਾ ਬੀਜ 26-27 ਸਤੰਬਰ ਨੂੰ ਕਿਸਾਨ ਮੇਲੇ ਤੇ ਵਿਕਰੀ ਲਈ ਉਪਲੱਬਧ ਹੋਵੇਗਾ| ਇਹ ਪ੍ਰੋਗਰਾਮ ਗਰੁੱਪ ਇੰਚਾਰਜ ਡਾ. ਲੋਪਾਮੁਦਰਾ ਮੋਹਪਾਤਰਾ ਦੀ ਅਗਵਾਈ ਵਿਚ ਨੇਪਰੇ ਚੜਿਆ|
ਇਸ ਕੈਂਪ ਦੌਰਾਨ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਬੁਰੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਗਿਆ| ਪਰਾਲੀ ਨੂੰ ਖੇਤ ਵਿਚ ਵਾਹੁਣ ਦੇ ਗੁਣਾਂ ਬਾਰੇ ਮਾਹਿਰਾਂ ਨੇ ਆਪਣੇ ਵਿਸ਼ੇਸ਼ ਤੱਥ ਪੇਸ਼ ਕੀਤੇ ਅਤੇ ਦੱਸਿਆ ਇਸ ਨਾਲ ਖਾਦਾਂ ਦਾ ਖਰਚ ਤਾਂ ਘਟਦਾ ਹੀ ਹੈ ਮਿੱਟੀ ਲਈ ਜ਼ਰੂਰੀ ਪੋਸ਼ਕ ਤੱਤਾਂ ਦੀ ਪੂਰਤੀ ਵੀ ਹੁੰਦੀ ਹੈ| ਵਿਦਿਆਰਥੀਆਂ ਨੇ ਘਰ-ਘਰ ਜਾ ਕੇ ਪੌਸ਼ਟਿਕ ਰਸੋਈ ਬਗੀਚੀ ਬਾਰੇ ਵੀ ਜਾਣਕਾਰੀ ਦਿੱਤੀ ਗਈ| ਇਸ ਕੈਂਪ ਵਿਚ ਪਿੰਡ ਕਨੇਚ ਤੋਂ ਇਲਾਵਾ ਬਰਵਾਲਾ ਅਤੇ ਬੀੜ ਸਾਹਨੇਵਾਲ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਰੀ ਗਿਣਤੀ ਵਿਚ ਸ਼ਿਰਕਤ ਕੀਤੀ| ਕਿਸਾਨਾਂ ਨੂੰ ਆਉਂਦੇ ਦਿਨੀਂ ਲੱਗਣ ਵਾਲੇ ਕਿਸਾਨ ਮੇਲੇ ਸੰਬੰਧੀ ਵੀ ਜਾਗਰੂਕ ਕੀਤਾ ਗਿਆ|
ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਵਿਪਨ ਰਾਮਪਾਲ ਨੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਉਹਨਾਂ ਦੀ ਸ਼ਲਾਘਾ ਕੀਤੀ| ਖੇਤੀਬਾੜੀ ਕਾਲਜ ਦੇ ਡੀਨ ਡਾ. ਸੀ ਐੱਸ ਔਲਖ ਨੇ ਵੀ ਇਹਨਾਂ ਕੋਸ਼ਿਸ਼ਾਂ ਲਈ ਤਾਰੀਫ ਦੇ ਸ਼ਬਦ ਕਹੇ| |