ਪੀ.ਏ.ਯੂ. ਨੇ ਇਕ ਵਿਸ਼ੇਸ਼ ਪਰ ਸਾਦਾ ਸਮਾਰੋਹ ਦੌਰਾਨ ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਨੂੰ ਲੋਕ ਅਰਪਿਤ ਕੀਤਾ| ਇਸ ਮੌਕੇ ਯੂਨੀਵਰਸਿਟੀ ਉੱਚ ਅਧਿਕਾਰੀਆਂ ਦੇ ਨਾਲ-ਨਾਲ ਵੈੱਬਸਾਈਟ ਦੀ ਡਿਜ਼ਾਇਨਿੰਗ ਲਈ ਕੰਮ ਕਰਨ ਵਾਲੇ ਵਿਸ਼ੇਸ਼ ਪਤਵੰਤੇ ਮੌਜੂਦ ਰਹੇ| ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਅੱਜ ਦੇ ਯੁੱਗ ਵਿਚ ਕਿਸੇ ਸੰਸਥਾ ਦਾ ਪਹਿਲਾ ਪ੍ਰਭਾਵ ਉਸਦੀ ਵੈੱਬਸਾਈਟ ਤੋਂ ਗ੍ਰਹਿਣ ਕੀਤਾ ਜਾਂਦਾ ਹੈ| ਉਹਨਾਂ ਕਿਹਾ ਕਿ ਨਵੇਂ ਯੁੱਗ ਵਿਚ ਯੂਨੀਵਰਸਿਟੀ ਦੀ ਵੈੱਬਸਾਈਟ ਪੀ.ਏ.ਯੂ. ਦੀ ਛਬੀ ਨੂੰ ਸਾਰਥਕ ਰੂਪ ਵਿਚ ਪੇਸ਼ ਕਰ ਸਕੇਗੀ|
ਵਾਈਸ ਚਾਂਸਲਰ ਨੇ ਇਸ ਮੌਕੇ ਵੱਖ-ਵੱਖ ਕਮੇਟੀਆਂ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਵੀ ਕੀਤੀ| ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦੇਣ ਵਾਲੇ ਸ਼੍ਰੀ ਤੇਜ ਪ੍ਰਤਾਪ ਸਿੰਘ ਸੰਧੂ, ਸ਼੍ਰੀ ਅਮਰਜੀਤ ਸਿੰਘ ਭੱਟ, ਡਾ. ਐੱਮ ਐੱਸ ਤੂਰ ਅਤੇ ਡਾ. ਏ ਪੀ ਸਿੰਘ ਵੱਲੋਂ ਦਿੱਤੇ ਵਿਚਾਰਾਂ ਅਤੇ ਸੁਝਾਵਾਂ ਲਈ ਉਹਨਾਂ ਦਾ ਧੰਨਵਾਦ ਕੀਤਾ|
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਵੈੱਬਸਾਈਟ ਦੇ ਨਿਰਮਾਣ ਦੀ ਸਮੁੱਚੀ ਯਾਤਰਾ ਨੂੰ ਸਾਂਝਾ ਕੀਤਾ| ਉਹਨਾਂ ਕਿਹਾ ਕਿ ਸੰਸਥਾ ਦੇ ਸ਼ਾਨਦਾਰ ਇਤਿਹਾਸ ਅਤੇ ਰਵਾਇਤ ਦੀ ਝਲਕ ਵੈੱਬਸਾਈਟ ਦੇ ਨਵੇਂ ਸਰੂਪ ਵਿੱਚੋਂ ਮਿਲਦੀ ਹੈ| ਇਸਲਈ ਇਸ ਕਾਰਜ ਨੂੰ ਬੇਹੱਦ ਮਹੱਤਵਪੂਰਨ ਗਿਣਿਆ ਜਾਣਾ ਚਾਹੀਦਾ ਹੈ|
ਵੈੱਬਸਾਈਟ ਦੇ ਨਵੇਂ ਸਰੂਪ ਦੇ ਨਿਰਮਾਣ ਦੇ ਨੋਡਲ ਅਧਿਕਾਰੀ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੈੱਬਸਾਈਟ ਦਾ ਪੁਰਾਣਾ ਰੂਪ 2008 ਵਿਚ ਹੋਂਦ ਵਿਚ ਆਇਆ ਸੀ| ਉਸ ਵਿਚ ਬਦਲਾਅ ਅਤੇ ਨਵੀਨਤਾ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ| ਇਸ ਕਾਰਜ ਲਈ ਤਕਨੀਕੀ ਟੀਮ ਨੇ ਵੈੱਬਸਾਈਟ ਨੂੰ ਸਿਰਜਣਾਤਮਕ ਤਰੀਕੇ ਨਾਲ ਨਵੇਂ ਰੂਪ ਵਿਚ ਢਾਲ ਕੇ ਪੇਸ਼ ਕੀਤਾ ਹੈ|
ਇਸ ਮੌਕੇ ਡਾ. ਦੀਪਿਕਾ ਵਿੱਗ, ਡਾ. ਓ ਪੀ ਗੁਪਤਾ ਅਤੇ ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਵੀ ਵੈੱਬਸਾਈਟ ਡਿਜ਼ਾਇੰਨਿੰਗ ਦੇ ਰਾਹ ਵਿਚ ਆਉਣ ਵਾਲੀਆਂ ਔਕੜਾਂ ਦੇ ਨਾਲ-ਨਾਲ ਆਪਣੇ ਤਜਰਬੇ ਸਾਂਝੇ ਕੀਤੇ|
ਸ਼੍ਰੀ ਤੇਜਪ੍ਰਤਾਪ ਸਿੰਘ ਸੰਧੂ ਨੇ ਵੈੱਬਸਾਈਟ ਦੇ ਨਵੇਂ ਸਰੂਪ ਬਾਰੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਭਵਿੱਖ ਵਿਚ ਹੋਰ ਸਿਰਜਣਾਤਮਕ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ| ਡਾ. ਸੁਮੇਧਾ ਭੰਡਾਰੀ ਅਤੇ ਸ਼੍ਰੀ ਲਕਸ਼ੈ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ|
ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ| |