ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇੰਦਰ, ਰੋਪੜ ਵੱਲੋਂ ਪਿੰਡ ਗੜਬੱਗਾ ਵਿਖੇ ਬਾਸਮਤੀ ਵਿੱਚ ਚੰਗਾ ਝਾੜ ਲੈਣ ਲਈ ਅਤੇ ਖੇਤੀ ਰਸਾਇਣਾਂ ਦੀ ਸਹੀ ਵਰਤੋਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਲੱਗਭਗ 80 ਕਿਸਾਨਾਂ ਨੇ ਭਾਗ ਲਿਆ I
ਕੈਂਪ ਦੀ ਸ਼ੁਰੂਆਤ ਕਰਦਿਆਂ ਹੋਇਆਂ ਡਾ. ਰਮਿੰਦਰ ਘੁੰਮਣ (ਡੀ. ਈ. ਐਸ. ਫ਼ਸਲ ਵਿਗਿਆਨ) ਨੇ ਕਿਸਾਨ ਵੀਰਾਂ ਨਾਲ ਗੱਲਬਾਤ ਕਰਕੇ ਬਾਸਮਤੀ ਦੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ । ਉਹਨਾਂ ਨੇ ਕਿਸਾਨਾਂ ਨੂੰ ਕਣਕ ਦੀਆਂ ਨਵੀਆਂ ਕਿਸਮਾਂ ਜਿਵੇਂ ਕੇ ਪੀ ਬੀ ਡਬਲਿਯੂ 872 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਕੇਂਦਰਾਂ ਤੋਂ ਬੀਜ ਲੈਣ ਲਈ ਪ੍ਰੇਰਨਾ ਦਿੱਤੀ । ਓਹਨਾਂ ਨੇ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਵੱਖ ਵੱਖ ਤਰੀਕਿਆਂ ਨਾਲ ਸੁਚੱਜੀ ਸਾਂਭ ਸੰਭਾਲ ਕਰਨ ਲਈ ਕਿਹਾ । ਕੈੰਪ ਵਿਚ ਕਿਸਾਨਾਂ ਨੂੰ ਸੁਪਰ ਸੀਡਰ , ਹੈਪੀ ਸੀਡਰ , ਪੀ ਏ ਯੂ ਸਮਾਰਟ ਸੀਡਰ ਆਦਿ ਨਾਲ ਕਣਕ ਦੀ ਬਿਜਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ I ਡਾ. ਅਵਨੀਤ ਕੌਰ (ਡੀ. ਈ. ਐਸ. ਫਲ ਵਿਗਿਆਨ) ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਨੂੰ ਅਪਨਾਉਣ ਲਈ ਪ੍ਰੇਰਨਾ ਦਿੰਦਿਆਂ ਹੋਇਆਂ ਬਾਗਬਾਨੀ ਅਤੇ ਸਬਜੀਆਂ ਦੀ ਕਾਸ਼ਤ ਕਰਨ ਲਈ ਕਿਹਾ I ਉਹਨਾਂ ਨੇ ਕਿਸਾਨਾਂ ਨੂੰ ਫਲਦਾਰ ਬੂਟੇ ਲਗਾਉਣ ਦੇ ਢੰਗ ਅਤੇ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ I ਉਹਨਾਂ ਨੇ ਕਿਸਾਨਾਂ ਨੂੰ ਸਹਾਇਕ ਕਿੱਤੇ ਜਿਵੇਂ ਕਿ ਖੁੰਬ ਉਤਪਾਦਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਕਿਸਾਨਾਂ ਨੂੰ ਲੁਧਿਆਣਾ ਦੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰਨ ਲਈ ਵੀ ਕਿਹਾ ਗਿਆ । ਅੰਤ ਵਿੱਚ ਕਿਸਾਨਾਂ ਨੇ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਆਪਣੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ । ਕੈਂਪ ਦਾ ਅਖੀਰ ਨਿਯਮਤ ਸੁਝਾਵਾਂ ਅਤੇ ਧੰਨਵਾਦ ਨਾਲ ਕੀਤਾ ਗਿਆ। |