ਪੀ.ਏ.ਯੂ. ਵੱਲੋਂ ਵਿਕਸਿਤ ਕਣਕ ਦੀ ਕਿਸਮ ਪੀ ਬੀ ਡਬਲਯੂ 872 ਨੇ ਇਕ ਵਾਰ ਫੇਰ ਆਪਣੀ ਉੱਚਤਾ ਦਾ ਪ੍ਰਮਾਣ ਦਿੰਦੇ ਹੋਏ ਕੌਮੀ ਪੱਧਰ ‘ਤੇ ਕਰਵਾਏ ਗਏ ਕਿਸਮਾਂ ਬਾਰੇ ਸਰਬ ਭਾਰਤੀ ਸਾਂਝੇ ਖੋਜ ਤਜਰਬਿਆਂ ਵਿੱਚ ਸਾਰੇ ਉੱਤਰੀ ਭਾਰਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ|ਇਹ ਤਜਰਬੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਵੱਲੋਂ ਕਣਕ ਅਤੇ ਜੌਂਆਂ ਦੇ ਸੁਧਾਰ ਲਈ ਚਲਾਏ ਜਾਂਦੇ ਪ੍ਰੋਜੈਕਟ ਅਧੀਨ 2024-25 ਵਿੱਚ ਸੇਂਜੂ ਹਾਲਤਾਂ ਅਧੀਨ ਸਮੇਂ ਸਿਰ ਬਿਜਾਈ ਲਈ ਕੀਤੇ ਗਏ ਸਨ| ਇਨ੍ਹਾਂ ਤਜਰਬਿਆਂ ਦੇ ਨਤੀਜਿਆਂ ਦੀ ਪੁਸ਼ਟੀ 25-27 ਅਗਸਤ, 2025 ਵਿੱਚ ਰਾਜਮਾਤਾ ਵਿਜੈਲਕਸ਼ਮੀ ਸਿੰਧੀਆ ਕ੍ਰਿਸ਼ੀ ਵਿਸ਼ਵ ਵਿਦਿਆਲਾ, ਗਵਾਲੀਅਰ ਵਿਖੇ ਕਰਵਾਈ ਗਈ ਕੌਮੀ ਪੱਧਰ ‘ਤੇ ਕਣਕ ਦੀ ਖੋਜ ਕਰਦੇ ਸਇੰਸਦਾਨਾਂ ਦੀ ਗੋਸ਼ਟੀ ਵਿੱਚ ਕੀਤੀ ਗਈ| ਭਾਰਤ ਦੇ ਦੋ ਪ੍ਰਮੁੱਖ ਕਣਕ ਪੈਦਾ ਕਰਨ ਵਾਲੇ ਖੇਤਰਾਂ (ਉੱਤਰ-ਪੱਛਮੀ ਮੈਦਾਨੀ ਅਤੇ ਉੱਤਰ ਪੂਰਬੀ ਮੈਦਾਨੀ ਖੇਤਰ) ਵਿੱਚ ਕਰਵਾਏ ਗਏ ਤਜਰਬਿਆਂ ਦੌਰਾਨ ਪੀ ਬੀ ਡਬਲਯੂ 872 ਨੇ ਆਪਣੀ ਵੱਧ ਝਾੜ ਦੇਣ ਦੀ ਇਤਿਹਾਸਕ ਸਮਰੱਥਾ ਨੂੰ ਕਾਇਮ ਰੱਖਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ| ਇਸ ਪ੍ਰਕਿਰਿਆ ਤਹਿਤ ਪੂਰੇ ਭਾਰਤ ਵਿੱਚ ਵੱਖ-ਵੱਖ ਬ੍ਰੀਡਿੰਗ ਪ੍ਰੋਗਰੈਮਾਂ ਜਿਨ੍ਹਾਂ ਵਿੱਚ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਖੋਜ ਅਦਾਰੇ, ਭਾਰਤ ਦੀਆਂ 29 ਰਾਜ ਐਗਰੀਕਲਚਰਲ ਯੂਨੀਵਰਸਿਟੀਆਂ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਕਣਕ ਦੀਆਂ ਵਧੀਆ ਕਿਸਮਾਂ ਦਾ ਲਗਾਤਾਰ ਤਿੰਨ ਸਾਲ ਨਿਰੀਖਣ ਕਰਨ ਉਪਰੰਤ ਸਭ ਤੋਂ ਵਧੇਰੇ ਝਾੜ ਅਤੇ ਕੀੜਿਆਂ ਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਣ ਵਾਲੀ ਕਿਸਮ ਨੂੰ ਸਿਫਾਰਸ਼ ਕੀਤਾ ਜਾਂਦਾ ਹੈ|
ਪੀ ਬੀ ਡਬਲਯੂ 872 ਨੇ ਇਨ੍ਹਾਂ ਤਜਰਬਿਆਂ ਵਿੱਚ ਨਿਰੀਖਣ ਦੌਰਾਨ ਉੱਚ-ਪ੍ਰਦਰਸ਼ਨ ਦੇ ਸਿੱਟੇ ਵਜੋਂ ਸਾਲ 2022 ਵਿੱਚ ਉੱਤਰ-ਪੱਛਮੀ ਮੈਦਾਨੀ ਖੇਤਰ ਜਿਸ ਵਿੱਚ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ (ਕੋਟਾ ਅਤੇ ਊਦੈਪੁਰ ਡਵੀਜਨ ਤੋਂ ਬਿਨਾਂ), ਪੱਛਮੀ ਉੱਤਰ ਪ੍ਰਦੇਸ਼ (ਝਾਂਸੀ ਡਵੀਜਨ ਤੋਂ ਬਿਨਾਂ), ਜੰਮੂ ਅਤੇ ਕਸ਼ਮੀਰ ਦੇ ਜੰਮੂ ਅਤੇ ਕਠੂਆ ਜ਼ਿਲ੍ਹੇ, ਕਸ਼ਮੀਰ, ਪੌਂਟਾ ਘਾਟੀ, ਹਿਮਾਚਲ ਪ੍ਰਦੇਸ਼ ਦਾ ਊਨਾ ਜ਼ਿਲ੍ਹਾ ਅਤੇ ਉਤਰਾਖੰਡ ਦਾ ਤਰਾਈ ਖੇਤਰ ਆਉਂਦੇ ਹਨ ਲਈ ਇਸ ਦੀ ਕਾਸ਼ਤ ਦੀ ਸਿਫਾਰਸ਼ ਕੀਤੀ ਗਈ ਸੀ|
ਸਾਲ 2024-25 ਵਿੱਚ, ਉੱਤਰ-ਪੱਛਮੀ ਮੈਦਾਨੀ ਖੇਤਰ ਲਈ ਵਧੇਰੇ ਖਾਦਾਂ ਅਤੇ ਅਗੇਤੀ ਬਿਜਾਈ ਦੀਆਂ ਹਾਲਾਤਾਂ ਲਈ ਉਨੱਤ ਕਿਸਮਾਂ ਦੇ ਨਿਰੀਖਣ ਲਈ ਵੱਖ-ਵੱਖ ਸਥਾਨਾਂ ਉੱਤੇ ਤਜ਼ਰਬੇ ਕਰਵਾਏ ਗਏ ਸੀ|ਇਨ੍ਹਾਂ ਤਜਰਬਿਆਂ ਵਿੱਚ ਪੀ ਬੀ ਡਬਲਯੂ 872 ਨੇ ਔਸਤ 79.6 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦੇ ਨਾਲ ਇਸ ਸਮੇਂ ਦੀਆਂ ਪ੍ਰਚਲਿਤ ਕਿਸਮਾਂ ਜਿਵੇਂ ਕਿ ਡੀ ਬੀ ਡਬਲਯੂ 327 (78.3 ਕੁਇੰ/ਹੈਕ), ਡੀ ਬੀ ਡਬਲਯੂ 371 (78.1 ਕੁਇੰ/ਹੈਕ), ਡੀ ਬੀ ਡਬਲਯੂ 372 (74.1 ਕੁਇੰ/ਹੈਕ) ਅਤੇ ਡੀ ਬੀ ਡਬਲਯੂ 187 (73.4 ਕੁਇੰ/ਹੈਕ), (59.9 ਕੁਇੰ/ਹੈਕ.) ਨੰੁ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ|ਇਥੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਪੀ ਬੀ ਡਬਲਯੂ 872 ਅਗੇਤੀ ਬਿਜਾਈ, ਵਧੇਰੇ ਜੈਵਿਕ ਤੇ ਰਸਾਇਣਿਕ ਖਾਂਦਾਂ ਦੇ ਨਾਲ-ਨਾਲ ਉੱਲੀ-ਨਾਸ਼ਕ ਅਤੇ ਗਰੋਥ-ਰੇਗੂਲੇਟਰ ਦੇ ਇਸਤੇਮਾਲ ਕਰਨ ਵਾਲੇ ਹਾਲਾਤਾਂ ਵਿੱਚ ਸਭ ਤੋਂ ਵਧੇਰੇ ਝਾੜ ਦਿੱਤਾ ਸੀ|
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਪੀ ਬੀ ਡਬਲਯੂ 872 ਦਾ ਪ੍ਰੀਖਣ ਸਿਫਾਰਸ਼ ਖਾਦਾਂ ਅਧੀਨ ਕੀਤਾ ਅਤੇ ਇਸਨੂੰ 2025 ਵਿੱਚ ਪੰਜਾਬ ਰਾਜ ਵਿੱਚ ਸਮੇਂ-ਸਿਰ ਸੇਂਜੂ ਹਾਲਤਾਂ ਅਧੀਨ ਆਮ ਖਾਦਾਂ ਦੀ ਵਰਤੋਂ ਕਰਕੇ ਕਣਕ ਦੀ ਕਾਸ਼ਤ ਲਈ ਸਿਫਾਰਸ਼ ਕੀਤਾ ਹੈ|ਸਮੇਂ ਸਿਰ ਸੇਂਜੂ ਹਾਲਾਤਾਂ ਵਿੱਚ ਆਮ ਸਿਫਾਰਸ਼ ਕੀਤੀਆਂ ਖਾਦਾਂ ਨਾਲ ਪੀ ਬੀ ਡਬਲਯੂ 872 ਨੇ ਔਸਤਨ ਝਾੜ 24.4 ਕੁਇੰਟਲ ਪ੍ਰਤੀ ਏਕੜ ਰਿਕਾਰਡ ਕੀਤਾ ਗਿਆ ਜੋ ਕਿ ਪੀ ਬੀ ਡਬਲਯੂ 826, ਪੀ ਬੀ ਡਬਲਯੂ 766 ਅਤੇ ਡੀ ਬੀ ਡਬਲਯੂ 222 ਨਾਲੋਂ ਕ੍ਰਮਵਾਰ 2.9%, 8.3% ਅਤੇ 11.7% ਜ਼ਿਆਦਾ ਰਿਹਾ| ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਦੀ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ|ਪੀ ਬੀ ਡਬਲਯੂ 872 ਪੱਕਣ ਨੂੰ 152 ਦਿਨ ਲੈਂਦੀ ਹੈ ਅਤੇ ਪੰਜਾਬ ਦੇ ਝੋਨਾ-ਕਣਕ ਦੇ ਫ਼ਸਲੀ ਚੱਕਰ ਲਈ ਬਹੁਤ ਹੀ ਢੁਕਵੀਂ ਕਿਸਮ ਹੈ|ਇਸਦਾ ਔਸਤ ਕੱਦ 100 ਸੈਂ ਮੀ ਹੋਣ ਕਰਕੇ ਇਸਦੇ ਡੱਗਣ ਦਾ ਵੀ ਘੱਟ ਖਦਸ਼ਾ ਰਹਿੰਦਾ ਹੈ|ਇਸਦੇ ਦਾਣੇ ਮੋਟੇ, ਲਿਸ਼ਕਦਾਰ ਹਨ ਅਤੇ ਇਸਦੇ 1000 ਦਾਣਿਆਂ ਦਾ ਵਜ਼ਨ 40-48 ਗ੍ਰਾਮ ਹੈ ਜੋ ਕਿ ਮੰਡੀਕਰਨ ਵਿੱਚ ਸਹਾਈ ਹੋਵੇਗਾ|ਉਮੀਦ ਹੈ ਕਿ ਪੀ ਬੀ ਡਬਲਯੂ 872 ਸਥਿਰ ਝਾੜ, ਬਿਮਾਰੀਆਂ ਪ੍ਰਤੀ ਸਹਿਣਸ਼ੀਲ, ਵਧੀਆ ਦਾਣਿਆਂ ਦੀ ਕੁਆਲਟੀ ਅਤੇ ਪੰਜਾਬ ਦੀਆਂ ਸਾਰੀਆਂ ਖੇਤੀ ਪ੍ਰਸਥਿਤੀਆਂ ਵਿੱਚ ਹਰ ਤਰ੍ਹਾਂ ਦੇ ਖੇਤੀ ਢੰਗ ਤਰੀਕਿਆਂ ਨਾਲ ਵੱਧ ਝਾੜ ਦੇ ਕੇ ਕਿਸਾਨਾਂ ਨੂੰ ਵਧੇਰੇ ਮੁਨਾਫਾ ਦੇਵੀਗੀ|ਪੀ ਬੀ ਡਬਲਯੂ 872 ਦਾ ਬੀਜ ਪੀ ਏ ਯੂ, ਲੁਧਿਆਣਾ ਵੱਲੋਂ ਲਗਾਏ ਜਾ ਰਹੇ ਕਿਸਾਨ ਮੇਲਿਆਂ ‘ਤੇ ਮਿਲ ਰਿਹਾ ਹੈ ਜੋ ਕਿ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ ਸੋਹੂ ਨੇ ਇਸ ਕਿਸਮ ਦੇ ਰਾਸ਼ਟਰੀ ਪੱਧਰ ਦੇ ਸਰਵੋਤਮ ਰਹਿਣ ਦੇ ਮੌਕੇ ਤੇ ਕਣਕ ਖੋਜ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ| ਡਾ. ਗੋਸਲ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਤੋਂ ਵਧੇਰੇ ਉਤਪਾਦਨ ਲੈਣ ਲਈ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ| |