ਬੀਤੇ ਦਿਨੀਂ ਪੀ.ਏ.ਯੂ. ਦੇ ਬੀ ਐੱਸ ਸੀ (ਆਨਰਜ਼) ਬਾਗਬਾਨੀ ਦੇ ਵਿਦਿਆਰਥੀਆਂ ਲਈ ਇਕ ਜਾਗਰੂਕਤਾ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ| ਪਰਾਲੀ ਦੀ ਸੰਭਾਲ ਅਤੇ ਫਸਲੀ ਵਿਭਿੰਨਤਾ ਲਈ ਆਯੋਜਿਤ ਕੀਤੇ ਇਸ ਕੈਂਪ ਲਈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੱਦੋਵਾਲ ਨੂੰ ਚੁਣਿਆ ਗਿਆ ਸੀ| ਇਸ ਵਿਚ ਯੂਨੀਵਰਸਿਟੀ ਦੇ ਮਾਹਿਰਾਂ, ਵਿਦਿਆਰਥੀਆਂ, ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਭਰਪੂਰਤਾ ਨਾਲ ਸ਼ਿਰਕਤ ਕੀਤੀ|
ਡਾ. ਅਮਿਤ ਕੌਲ ਨੇ ਪਰਾਲੀ ਦੀ ਸੰਭਾਲ ਦੀਆਂ ਵਾਤਾਵਰਨ ਪੱਖੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ| ਉਹਨਾਂ ਨੇ ਯੂਨੀਵਰਸਿਟੀ ਵੱਲੋਂ ਇਸ ਮੰਤਵ ਲਈ ਨਿਰਮਤ ਕੀਤੀ ਮਸ਼ੀਨਰੀ ਬਾਰੇ ਵੀ ਦੱਸਿਆ|
ਡਾ. ਰੂਮਾ ਦੇਵੀ ਨੇ ਖੇਤੀ ਵਿਭਿੰਨਤਾ ਵਿਚ ਸਬਜ਼ੀਆਂ ਦੀ ਕਾਸ਼ਤ ਕਰਕੇ ਵਧੇਰੇ ਮੁਨਾਫ਼ਾ ਅਤੇ ਸਿਹਤਮੰਦ ਜੀਵਨ ਲਈ ਮਹੱਤਵ ਬਾਰੇ ਜਾਣਕਾਰੀ ਦਿੱਤੀ| ਡਾ. ਹਰਮੀਤ ਸਰਲਾਚ, ਡਾ. ਸਿਮਰਤ ਸਿੰਘ ਅਤੇ ਡਾ. ਦਿਲਪ੍ਰੀਤ ਤਲਵਾਰ ਨੇ ਵੀ ਕ੍ਰਮਵਾਰ ਫਸਲੀ ਵਿਭਿੰਨਤਾ ਲਈ ਖੇਤੀ ਜੰਗਲਾਤ, ਫੁੱਲਾਂ ਦੀ ਖੇਤੀ ਅਤੇ ਸਬਜ਼ੀਆਂ ਦੀਆਂ ਵਿਕਸਿਤ ਤਕਨੀਕਾਂ ਸੰਬੰਧੀ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਗਿਆਨ ਵਰਧਕ ਵਿਚਾਰ ਦੱਸੇ| ਕਿਸਾਨਾਂ ਨੇ ਮਾਹਿਰਾਂ ਕੋਲੋਂ ਸਵਾਲ ਪੁੱਛ ਕੇ ਆਪਣੀ ਜਗਿਆਸਾ ਸ਼ਾਂਤ ਕੀਤੀ|
ਇਸ ਦੌਰਾਨ ਸਬਜ਼ੀਆਂ ਦੀਆਂ ਕਿੱਟਾਂ ਕਿਸਾਨਾਂ ਨੂੰ ਵੰਡੀਆਂ ਗਈਆਂ| ਉਹਨਾਂ ਨੂੰ ਫਸਲੀ ਵਿਭਿੰਨਤਾ ਦੇ ਤਰੀਕਿਆਂ ਅਤੇ ਰਸੋਈ ਬਗੀਚੀ ਦੇ ਮਹੱਤਵ ਬਾਰੇ ਪ੍ਰੇਰਿਤ ਕੀਤਾ ਗਿਆ|
ਅੰਤ ਵਿਚ ਡਾ. ਦਿਲਪ੍ਰੀਤ ਤਲਵਾਰ ਨੇ ਸਭ ਦਾ ਧੰਨਵਾਦ ਕਰਦਿਆਂ ਕੈਂਪ ਦੀ ਸਫਲਤਾ ਬਾਰੇ ਤਸੱਲੀ ਪ੍ਰਗਟਾਈ| ਉਹਨਾਂ ਆਸ ਕੀਤੀ ਕਿ ਇਸ ਵਾਰ ਪਰਾਲੀ ਦੀ ਸੰਭਾਲ ਦੇ ਵਾਤਾਵਰਨ ਪੱਖੀ ਤਰੀਕੇ ਹੀ ਅਪਣਾਏ ਜਾਣਗੇ| |