ਪੀ ਏ ਯੂ ਦੇ ਖੇਤੀਬਾੜੀ ਕਾਲਜ ਨੇ ਆਪਣਾ 71ਵਾਂ ਸਥਾਪਨਾ ਦਿਵਸ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ। ਇਸ ਸੰਬੰਧੀ ਹੋਏ ਇਕ ਸਮਾਰੋਹ ਵਿੱਚ ਉੱਘੇ ਖੇਤੀ ਵਿਗਿਆਨੀ, ਕਾਲਜ ਦੇ ਅਧਿਆਪਕ, ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀ ਇਕੱਤਰ ਹੋਏ। ਇਸ ਦੌਰਾਨ ਕਾਲਜ ਦੇ ਇਤਿਹਾਸ ਅਤੇ ਮਾਣਮੱਤੀ ਦੇਣ ਬਾਰੇ ਨਿੱਠ ਕੇ ਚਰਚਾ ਹੋਈ।
ਉੱਘੇ ਆਰਥਿਕ ਵਿਗਿਆਨੀ ਡਾ ਸਰਦਾਰਾ ਸਿੰਘ ਜੌਹਲ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾ. ਕਿਰਪਾਲ ਸਿੰਘ ਔਲਖ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਉਨ੍ਹਾਂ ਨਾਲ ਡਾ. ਡੀ.ਐਸ. ਚੀਮਾ, ਸਾਬਕਾ ਡੀਨ, ਖੇਤੀਬਾੜੀ ਕਾਲਜ, ਪੀਏਯੂ, ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਹ ਸਾਰਾ ਸਮਾਗਮ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਦੀ ਨਿਗਰਾਨੀ ਅਤੇ ਮੇਜ਼ਬਾਨੀ ਵਿਚ ਨੇਪਰੇ ਚੜ੍ਹਿਆ ।
ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਵਲੋਂ ਰੌਸ਼ਨੀ ਅਤੇ ਗਿਆਨ ਦੇ ਪ੍ਰਤੀਕ ਸ਼ਮਾ ਰੌਸ਼ਨ ਕਰਨ ਨਾਲ ਹੋਈ। ਉਪਰੰਤ ਪਤਵੰਤਿਆਂ ਨੇ ਪ੍ਰਦਰਸ਼ਨੀਆਂ ਦਾ ਦੌਰਾ ਕਰਕੇ ਕਾਲਜ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ।
ਆਪਣੇ ਸੰਬੋਧਨ ਵਿੱਚ ਡਾ. ਸਰਦਾਰਾ ਸਿੰਘ ਜੌਹਲ ਨੇ ਇਸ ਕਾਲਜ ਵਿਚ ਆਪਣੇ ਵਿਦਿਆਰਥੀ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਉਸ ਦੌਰ ਦੀ ਸਾਦਗੀ ਅਤੇ ਸਖ਼ਤ ਮੁਸ਼ੱਕਤ ਨਾਲ ਭਰੇ ਦਿਨਾਂ ਅਤੇ ਉਸ ਜ਼ਮਾਨੇ ਦੇ ਲੋਕਾਂ ਦੇ ਜੀਵਨ ਵਿਹਾਰ ਬਾਰੇ ਗੱਲਾਂ ਕੀਤੀਆਂ। ਡਾ ਜੌਹਲ ਨੇ ਬੀਤੇ ਦਹਾਕਿਆਂ ਵਿਚ ਖੇਤੀਬਾੜੀ ਕਾਲਜ ਵਲੋਂ ਪੰਜਾਬ ਦੀ ਖੇਤੀ ਦੀ ਦਸ਼ਾ ਬਦਲਣ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਅਜੋਕੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਕ ਸ਼ਾਨਦਾਰ ਵਿਰਾਸਤ ਦੇ ਵਾਰਿਸ ਹਨ ਅਤੇ ਇਸਨੂੰ ਅਗਾਂਹ ਤੋਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ।
ਡਾ. ਕਿਰਪਾਲ ਸਿੰਘ ਔਲਖ ਨੇ ਵਿਦਿਆਰਥੀਆਂ ਦੇ ਸੰਤੁਲਿਤ ਵਿਕਾਸ ਲਈ ਅਕਾਦਮਿਕ, ਖੇਡਾਂ ਅਤੇ ਸਹਿ ਗਤੀਵਿਧੀਆਂ ਵਿਚਕਾਰ ਸਿਹਤਮੰਦ ਸੰਤੁਲਨ ਬਣਾਈ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸੰਸਥਾਵਾਂ ਨਾਲ ਦੁਵੱਲੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਯਤਨਸ਼ੀਲ ਰਹਿਣ। ਸੰਸਥਾ ਦੇ ਮਾਹੌਲ ਨੂੰ ਨਿੱਜੀ ਵਿਕਸਵਲੈ ਉਪਯੋਗ ਵਿਚ ਲਿਆਉਣ ਅਤੇ ਸੰਸਥਾ ਦੇ ਨਾਮ ਨੂੰ ਮਾਣ ਨਾਲ ਭਰਨ ਵਿਚ ਯੋਗਦਾਨ ਵੀ ਪਾਉਣ।
ਡਾ. ਚੀਮਾ ਨੇ ਹਰੀ ਕ੍ਰਾਂਤੀ ਅਤੇ ਪੰਜਾਬ ਦੀ ਖੇਤੀਬਾੜੀ ਤਰੱਕੀ ਵਿੱਚ ਕਾਲਜ ਦੀ ਇਤਿਹਾਸਕ ਭੂਮਿਕਾ ਨੂੰ ਉਜਾਗਰ ਕੀਤਾ।
ਡਾ ਸਤਿਬੀਰ ਸਿੰਘ ਗੋਸਲ ਨੇ ਹਾਲ ਹੀ ਦੇ ਸਾਲਾਂ ਵਿੱਚ ਪੀਏਯੂ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੀਏਯੂ ਦੇ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਵਲੋਂ ਮਾਨਤਾ ਹਾਸਿਲ ਕਰਨ ਵਿੱਚ ਸਾਬਕਾ ਪ੍ਰਸ਼ਾਸਕਾਂ, ਵਿਦਿਆਰਥੀਆਂ, ਮਾਹਿਰਾਂ ਅਤੇ ਅਮਲੇ ਵਲੋਂ ਕੀਤੀ ਮਿਹਨਤ ਦਾ ਯੋਗਦਾਨ ਅਮਿੱਟ ਹੈ। ਉਨ੍ਹਾਂ ਨੇ ਬਦਲਦੇ ਯੋਗ ਦੀਆਂ ਖੇਤੀ ਲੋੜਾਂ ਅਨੁਸਾਰ ਯੂਨੀਵਰਸਿਟੀ ਵਲੋਂ ਪੁੱਟੇ ਜਾ ਰਹੇ ਕਦਮਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਖੇਤੀ ਵਿਚ ਵਿਸ਼ਵ ਪੱਧਰੀ ਤਕਨੀਕ ਨੂੰ ਲਾਗੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਤੋਂ ਪਹਿਲਾਂ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਨੇ ਵਿਸ਼ੇਸ਼ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਖੇਤੀਬਾੜੀ ਕਾਲਜ ਦੇ ਬੀਤੇ ਸਾਲਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਉੱਪਰ ਪੰਛੀ ਝਾਤ ਪਵਾਈ।
ਇਸ ਮੌਕੇ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਗੈਰ-ਅਧਿਆਪਨ ਅਮਲੇ ਨੂੰ ਪਿਛਲੇ ਸਾਲ ਦੌਰਾਨ ਉਨ੍ਹਾਂ ਦੇ ਸ਼ਾਨਦਾਰ ਯੋਗਦਾਨਾਂ ਲਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੌਜੂਦਾ ਅਤੇ ਸਾਬਕਾ ਡੀਨ ਅਤੇ ਡਾਇਰੈਕਟਰ, ਫੈਕਲਟੀ ਅਤੇ ਵਿਦਿਆਰਥੀ ਸ਼ਾਮਲ ਸਨ। ਇਹ ਸਥਾਪਨਾ ਦਿਵਸ ਪੀਏਯੂ ਦੇ ਖੇਤੀਬਾੜੀ ਕਾਲਜ ਦੀ ਅਮੀਰ ਵਿਰਾਸਤ ਅਤੇ ਪ੍ਰਗਤੀਸ਼ੀਲ ਨਜ਼ਰੀਏ ਦਾ ਇੱਕ ਯਾਦਗਾਰੀ ਜਸ਼ਨ ਹੋ ਨਿਬੜਿਆ।
ਇਹ ਸਮਾਗਮ ਕੀਟ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਕੇਐਸ ਸੰਘਾ ਦੇ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਇਆ। |