New Version

Punjab Agricultural University - PAU

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Year of Education & Service
| | | | | PAU Admissions | Recruitments | | | |
Home News / ਖ਼ਬਰਾਂ
ਪੀ.ਏ.ਯੂ.- ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਫ਼ਸਲੀ ਵਿਭਿੰਨਤਾ ਦੀ ਮਹੱਤਤਾ ਬਾਰੇ ਪਿੰਡ ਫੁਮੰਣਵਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ
23-09-2025

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਫੁਮੰਣਵਾਲ ਵਿਖੇ ਫ਼ਸਲੀ ਵਿਭਿੰਨਤਾ ਦੀ ਮਹੱਤਤਾ ਬਾਰੇ ਅਤੇ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਗਾਏ ਖੇਤ ਵਿੱਚ ਹੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ । ਕੈਂਪ ਵਿੱਚ ਪਿੰਡ ਦੇ ਅਗਾਂਹਵਧੂ 30 ਤੋਂ ਵੱਧ ਕਿਸਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਕੈਂਪ ਦੀ ਅਗਵਾਈ ਕਰਦੇ ਹੋਏ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ (ਭੂਮੀ ਵਿਗਿਆਨ) ਨੇ ਪਹਿਲਾਂ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਲਈ ਹੈਪੀਸੀਡਰ, ਸੁਪਰ ਸੀਡਰ, ਪੀ ਏ ਯੂ ਸਮਾਰਟ ਸੀਡਰ ਅਤੇ ਸਰਫੇਸ ਸੀਡਿੰਗ-ਕਮ-ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕਰਨ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਨੇ ਝੋਨੇ ਅਤੇ ਬਾਸਮਤੀ ਦੇ ਕੀੜਿਆਂ ਅਤੇ ਬਿਮਾਰੀਆਂ ਜਿਵੇਂ ਕਿ ਪੱਤਾ ਲਪੇਟ ਸੁੰਡੀ, ਸ਼ੀਥ ਬਲਾਈਟ ਅਤੇ ਬਲਾਸਟ ਦੇ ਪ੍ਰਬੰਧਨ ਲਈ ਨਵੀਆਂ ਸਿਫ਼ਾਰਸ਼ਾਂ ਬਾਰੇ ਗੱਲ ਕੀਤੀ।

ਫ਼ਸਲੀ ਵਿਭਿੰਨਤਾ ਬਾਰੇ ਦੱਸਦੇ ਹੋਏ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਹਾੜ੍ਹੀ ਵਿੱਚ ਕਣਕ ਤੋਂ ਇਲਾਵਾ ਸਰੋ੍ਹਂ, ਛੋਲੇ ਆਦਿ ਨਿਰੋਲ ਬੀਜੇ ਜਾ ਸਕਦੇ ਹਨ।ਸਰੋ੍ਹਂ ਦੀ ਅੰਤਰਰਾਸ਼ਟਰੀ ਪੱਧਰ ਦੀ ਕਨੋਲਾ ਕੁਆਲਿਟੀ ਦੀ ਕਿਸਮ ਜੀ ਐੱਸ ਸੀ 7 ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਕੈਨੋਲਾ ਕਿਸਮਾਂ ਦੇ ਤੇਲ ਵਿੱਚ 2% ਤੋਂ ਘੱਟ ਇਰੂਸਿਕ ਐਸਿਡ ਹੁੰਦਾ ਹੈ ਅਤੇ ਖਲ ਵਿੱਚ 30 ਮਾਈਕ੍ਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਗਲੂਕੋਸਿਨੋਲੇਟਸ ਹੁੰਦੇ ਹਨ।ਜਿਆਦਾ ਇਰੂਸਿਕ ਐਸਿਡ ਵਾਲੇ ਤੇਲ ਦੀ ਵਰਤੋਂ ਨਾਲ ਨਾੜਾਂ ਦੇ ਮੋਟੇ ਹੋਣ ਕਾਰਨ ਦਿਲ ਦੇ ਰੋਗਾਂ ਦੇ ਵਧਣ ਦੀ ਸੰਭਾਵਨਾ ਹੁੰਦੀ ਹੈ। ਇਸ ਕਿਸਮ ਦਾ ਔਸਤ ਝਾੜ੍ਹ 8.9 ਕੁਇੰਟਲ/ਏਕੜ ਅਤੇ ਤੇਲ ਦੀ ਮਾਤਰਾ 40.5% ਹੈ। ਇਸੇ ਤਰ੍ਹਾਂ ਛੋਲਿਆਂ ਨੂੰ ਵੀ ਫ਼ਸਲੀ ਵਿਭਿੰਨਤਾ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਪੀ.ਏ.ਯੂ ਵੱਲੋਂ ਸੇਜ਼ੂ ਹਾਲਾਤਾ ਵਿੱਚ ਛੋਲਿਆਂ ਦੀਆਂ ਦੀਆਂ ਸਿਫਾਰਿਸ਼ ਕਿਸਮਾਂ ਜਿਵੇਂ ਕਿ ਪੀ.ਬੀ.ਜੀ. 10, ਪੀ.ਬੀ.ਜੀ. 8 ਆਦਿ ਨੂੰ ਬੀਜਿਆ ਜਾ ਸਕਦਾ ਹੈ।

ਉਹਨਾਂ ਕਿਸਾਨਾਂ ਨੂੰ ਸਾਉਣੀ ਦੀ ਫਸਲ ਦੀ ਵਾਢੀ ਤੋਂ ਬਾਅਦ ਆਪਣੇ ਖੇਤ ਦੀ ਮਿੱਟੀ ਚੈੱਕ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਮਿੱਟੀ ਪਰਖ ਲਈ ਨਮੂਨਾ ਲੈਣ ਦੇ ਢੰਗ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਮਿੱਟੀ ਦੀ ਜੈਵਿਕ ਸਿਹਤ ਸੁਧਾਰਨ ਲਈ ਅਗਲੀ ਹਾੜੀ ਵਿੱਚ ਬੀਜੀ ਜਾਣ ਵਾਲੀ ਕਣਕ ਨੂੰ ਲੱਗਣ ਵਾਲੇ ਜੈਵਿਕ ਟੀਕੇ (ਕੰਨਸ਼ੋਰਸ਼ੀਅਮ) ਦੇ ਫਾਇਦਿਆਂ ਬਾਰੇ ਦੱਸਿਆ।ਉਹਨਾਂ ਅੱਗੇ ਹਾੜੀ ਦੀਆਂ ਮੁੱਖ ਫਸਲਾਂ ਵਿੱਚ ਸੁਚੱਜੇ ਖੁਰਾਕ ਪ੍ਰਬੰਧਨ ਬਾਰੇ ਵਿਚਾਰ ਸਾਂਝੇ ਕੀਤੇ।

ਕਿਸਾਨਾਂ ਨੂੰ ਹਾੜ੍ਹੀ ਵਿੱਚ ਬੀਜੀਆਂ ਜਾਣ ਵਾਲੀਆਂ ਕਣਕ ਦੀਆਂ ਸਿਫਾਰਿਸ਼ ਕਿਸਮਾਂ ਖਾਸ ਤੌਰ ਤੇ ਸ਼ੂਗਰ ਵਾਲੀ ਕਿਸਮ ਆਰ ਐਸ 1 ਅਤੇ ਪੀ ਬੀ ਡਬਲਯੂ ਬਿਸਕਿਟ 1 ਕਿਸਮ ਆਦਿ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਘਰੇਲੂ ਬਗੀਚੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਸਰਦੀ ਰੁੱਤ ਦੀਆਂ ਸਬਜ਼ੀ ਦੀਆਂ ਕਿੱਟਾਂ ਬਾਰੇ ਚਾਨਣਾ ਪਾਇਆ ਅਤੇ ਸੇਲ ਵਾਸਤੇ ਵੀ ਉਪਲਬਧ ਕਰਵਾਇਆ ਗਿਆ।ਇਸ ਮੌਕੇ ਸਰੋ੍ਹਂ ਦੀ ਜੀ ਐੱਸ ਸੀ 7 ਕਿਸਮ ਦੇ ਬੀਜ ਦੀ ਵਿੱਕਰੀ ਵੀ ਕੀਤੀ ਗਈ।ਇਸ ਦੇ ਨਾਲ ਹੀ ਪੀਏਯੂ ਲੁਧਿਆਣਾ ਵਲੋਂ ਹਾੜ੍ਹੀ ਰੁੱਤ ਲਈ ਲਗਾਏ ਜਾ ਰਹੇ ਕਿਸਾਨ ਮੇਲਿਆਂ ਦਾ ਪ੍ਰਚਾਰ ਵੀ ਕੀਤਾ।ਇਸ ਮੌਕੇ ਤੇ ਸ. ਮਲਕੀਤ ਸਿੰਘ ਅਤੇ ਸ. ਜਸਪਾਲ ਸਿੰਘ ਨੇ ਕੈਂਪ ਲਗਾਉਣ ਵਿੱਚ ਪੂਰਾ ਸਹਿਯੋਗ ਦਿੱਤਾ ।

Technology Marketing
and IPR Cell

Total visitors 6046547

 
© Punjab Agricultural University Disclaimer | Privacy Policy | Contact Us